PMO ਦਾ ਅਧਿਕਾਰੀ ਦੱਸਣ ਵਾਲਾ ਠੱਗ ਮਾਮਲਾ: J&K ਪੁਲਸ ਨੇ ਕਿਹਾ- ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ

03/19/2023 5:48:38 PM

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਪੁਲਸ ਨੇ ਐਤਵਾਰ ਨੂੰ ਕਿਹਾ ਕਿ ਖ਼ੁਦ ਨੂੰ ਪ੍ਰਧਾਨ ਮੰਤਰੀ ਦਫ਼ਤਰ ਦਾ ਅਧਿਕਾਰੀ ਦੱਸਣ ਵਾਲੇ ਠੱਗ ਨੂੰ ਸੁਰੱਖਿਆ ਕਵਰ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ 'ਚ ਸ਼ਾਮਲ ਸਾਰੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਗੁਜਰਾਤ ਦੇ ਰਹਿਣ ਵਾਲੇ ਕਿਰਨ ਭਾਈ ਪਟੇਲ ਨੂੰ ਪੁਲਸ ਨੇ ਖੁਦ ਨੂੰ ਪੀ.ਐੱਮ.ਓ. ਦਾ ਸਕੱਤਰ ਦੱਸ ਕੇ ਸੁਰੱਖਿਆ ਕਵਰ ਅਤੇ ਹੋਰ ਸਹੂਲਤਾਂ ਦਾ ਲਾਭ ਉਠਾਉਣ ਦੇ ਦੋਸ਼ 'ਚ ਸ਼੍ਰੀਨਗਰ ਦੇ ਇਕ ਪੰਜ ਸਿਤਾਰਾ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਹੈ। ਪਟੇਲ ਖ਼ਿਲਾਫ਼ ਗੁਜਰਾਤ 'ਚ ਤਿੰਨ ਮਾਮਲੇ ਦਰਜ ਹਨ। ਇੱਥੇ ਇਕ ਪ੍ਰੋਗਰਾਮ ਤੋਂ ਵੱਖ ਪੱਤਰਕਾਰਾਂ ਨਾਲ ਗੱਲਬਾਤ 'ਚ ਪੁਲਸ ਦੇ ਐਡੀਸ਼ਨਲ ਜਨਰਲ ਡਾਇਰੈਕਟਰ (ਏ.ਡੀ.ਜੀ.ਪੀ.) ਵਿਜੇ ਕੁਮਾਰ ਨੇ ਕਿਹਾ ਕਿ ਇਸ ਸੰਬੰਧ 'ਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਕੁਮਾਰ ਨੇ ਕਿਹਾ,''ਸ਼੍ਰੀਨਗਰ ਪੁਲਸ ਨੂੰ ਜਦੋਂ 2 ਮਾਰਚ ਨੂੰ ਸੂਚਨਾ ਮਿਲੀ ਤਾਂ ਹੋਟਲ 'ਤੇ ਛਾਪਾ ਮਾਰਿਆ ਗਿਆ ਅਤੇ ਵਿਅਕਤੀ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ। ਉਸ ਕੋਲੋਂ ਫਰਜ਼ੀ ਵਿਜਟਿੰਗ ਕਾਰਡ ਬਰਾਮਦ ਹੋਇਆ ਹੈ ਅਤੇ ਉਸੇ ਦਿਨ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।''

ਇਹ ਵੀ ਪੜ੍ਹੋ : ਖੁਦ ਨੂੰ PMO ਦਾ ਐਡੀਸ਼ਨਲ ਡਾਇਰੈਕਟਰ ਦੱਸਣ ਵਾਲਾ ਜਾਅਲਸਾਜ਼ ਗ੍ਰਿਫ਼ਤਾਰ

ਉਨ੍ਹਾਂ ਕਿਹਾ,''ਪਟੇਲ 14 ਦਿਨਾਂ ਦੀ ਪੁਲਸ ਹਿਰਾਸਤ 'ਚ ਸੀ, ਜਿਸ ਦੌਰਾਨ ਉਸ ਤੋਂ ਪੁੱਛ-ਗਿੱਛ ਅਤੇ ਜਾਂਚ ਕੀਤੀ ਗਈ।'' ਕਸ਼ਮੀਰ ਪੁਲਸ ਦੇ ਮੁਖੀ ਦਾ ਕਹਿਣਾ ਹੈ ਕਿ ਪੁਲਸ ਫ਼ੋਰਸ ਇਸ ਮਾਮਲੇ 'ਚ ਗੁਜਰਾਤ ਪੁਲਸ ਤੋਂ ਵੀ ਮਦਦ ਲੈ ਰਹੀ ਹੈ। ਕੁਮਾਰ ਨੇ ਕਿਹਾ,''ਪਟੇਲ ਹੁਣ ਨਿਆਇਕ ਹਿਰਾਸਤ 'ਚ ਹੈ। ਪੇਸ਼ੇਵਰ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ। ਅਸੀਂ ਗੁਜਰਾਤ ਪੁਲਸ ਤੋਂ ਵੀ ਮਦਦ ਲੈ ਰਹੇ ਹਾਂ। ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ।'' ਇਹ ਪੁੱਛਣ 'ਤੇ ਕਿ ਸਿਰਫ਼ ਮੌਖਿਕ ਆਦੇਸ਼ 'ਤੇ ਸੁਰੱਖਿਆ ਕਵਰ ਕਿਵੇਂ ਮੁਹੱਈਆ ਕਰਵਾਇਆ ਗਿਆ, ਜਦੋਂ ਕਿ ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਇਸ ਸੰਬੰਧ 'ਚ ਜਾਰੀ ਦਿਸ਼ਾ-ਨਿਰਦੇਸ਼ ਕੁਝ ਹੋਰ ਕਹਿੰਦਾ ਹੈ, ਏ.ਡੀ.ਜੀ.ਪੀ. ਨੇ ਕਿਹਾ ਕਿ ਪੁਲਸ ਖ਼ਾਮੀਆਂ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਪੁਲਸ ਅਧਿਕਾਰੀ ਨੇ ਇਸ ਮਾਮਲੇ 'ਚ ਖੁਫੀਆ ਵਿਭਾਗ ਦੀ ਅਸਫ਼ਲਤਾ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News