ਅਜੇ CM ਦੇ ‘ਸ਼ੀਸ਼ ਮਹਿਲ’ ’ਚ ਰਹਿਣ ਲਈ ਕੋਈ ਨਹੀਂ ਆ ਰਿਹਾ

Wednesday, Sep 25, 2024 - 12:26 PM (IST)

ਅਜੇ CM ਦੇ ‘ਸ਼ੀਸ਼ ਮਹਿਲ’ ’ਚ ਰਹਿਣ ਲਈ ਕੋਈ ਨਹੀਂ ਆ ਰਿਹਾ

ਨਵੀਂ ਦਿੱਲੀ- ਅਰਵਿੰਦ ਕੇਜਰੀਵਾਲ ਨੇ ਅਚਾਨਕ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹੁਣ ਉਹ ਵਾਦ-ਵਿਵਾਦ ਵਾਲੇ ‘ਸ਼ੀਸ਼ ਮਹਿਲ’ ਬੰਗਲੇ ਨੂੰ ਖਾਲੀ ਕਰਨ ਦੀ ਤਿਆਰੀ ਕਰ ਰਹੇ ਹਨ। ਰਿਪੋਰਟਾਂ ਦੀ ਮੰਨੀਏ ਤਾਂ ਦਿੱਲੀ ਦੀ ਨਵੀਂ ਮੁੱਖ ਮੰਤਰੀ ਆਤਿਸ਼ੀ ਵੀ 6, ਫਲੈਗ ਸਟਾਫ ਰੋਡ, ਸਿਵਲ ਲਾਈਨ ਸਥਿਤ ਮੁੱਖ ਮੰਤਰੀ ਦੇ ਉਕਤ ਸਰਕਾਰੀ ਬੰਗਲੇ ’ਚ ਨਹੀਂ ਜਾਣਗੇ। ਇਸ ਸਮੇ ਆਤਿਸ਼ੀ ਦਿੱਲੀ ਸਰਕਾਰ ਵੱਲੋਂ ਉਨ੍ਹਾਂ ਨੂੰ ਮੰਤਰੀ ਵਜੋਂ ਮਥੁਰਾ ਰੋਡ ਵਿਖੇ ਅਲਾਟ ਕੀਤੀ ਸਰਕਾਰੀ ਰਿਹਾਇਸ਼ ’ਚ ਹੀ ਰਹਿ ਰਹੀ ਹੈ।

ਹੁਣ ਜਦੋਂ ਉਹ ਮੁੱਖ ਮੰਤਰੀ ਬਣ ਗਈ ਹੈ ਤਾਂ ਇਸ ਸਿਸਟਮ ਨੂੰ ਜਾਰੀ ਰੱਖਣਾ ਮੁਸ਼ਕਲ ਹੋ ਸਕਦਾ ਹੈ। ਦੂਜਾ ਆਤਿਸ਼ੀ ਫਰਵਰੀ 2025 ਤੱਕ 4-5 ਮਹੀਨਿਆਂ ਲਈ ਮੁੱਖ ਮੰਤਰੀ ਹੈ। ਇਸ ਲਈ ਉਹ ਜਿੱਥੇ ਹੈ ਉੱਥੇ ਹੀ ਰਹਿਣਾ ਪਸੰਦ ਕਰ ਸਕਦੀ ਹੈ। ਉਹ ਮੀਟਿੰਗਾਂ ਆਦਿ ਲਈ ਮੁੱਖ ਮੰਤਰੀ ਦਫ਼ਤਰ ਦੀ ਵਰਤੋਂ ਕਰ ਸਕਦੀ ਹੈ। ਪਰੰਪਰਾ ਮੁਤਾਬਕ ਮੁੱਖ ਮੰਤਰੀ ਕੇਜਰੀਵਾਲ ਅਸਤੀਫਾ ਮਨਜ਼ੂਰ ਹੋਣ ਤੋਂ 2-3 ਹਫਤਿਆਂ ਅੰਦਰ ਸਰਕਾਰੀ ਰਿਹਾਇਸ਼ ਨੂੰ ਛੱਡ ਦੇਣਾ ਚਾਹੀਦਾ ਹੈ।

ਦਿੱਲੀ ਦੇ ਸਾਬਕਾ ਮੁੱਖ ਮੰਤਰੀਆਂ ਸ਼ੀਲਾ ਦੀਕਸ਼ਤ, ਮਦਨ ਲਾਲ ਖੁਰਾਣਾ, ਸੁਸ਼ਮਾ ਸਵਰਾਜ ਤੇ ਸਾਹਿਬ ਸਿੰਘ ਵਰਮਾ ਨੂੰ ਕੋਈ ਸਰਕਾਰੀ ਬੰਗਲਾ ਅਲਾਟ ਨਹੀਂ ਕੀਤਾ ਗਿਆ ਸੀ। ਉਨ੍ਹਾਂ ਸਾਰਿਆਂ ਦੇ ਆਪਣੇ-ਆਪਣੇ ਘਰ ਸਨ। ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਦਿੱਲੀ ’ਚ ਉਨ੍ਹਾਂ ਦਾ ਕੋਈ ਘਰ ਨਹੀਂ ਹੈ ਅਤੇ ਉਹ ਇਕ 'ਆਮ ਨਾਗਰਿਕ' ਵਜੋਂ ਕਿਰਾਏ ’ਤੇ ਮਕਾਨ ਦੀ ਭਾਲ ਕਰ ਰਹੇ ਹਨ।

ਪਿਛਲੀ ਵਾਰ ਵੀ ਜਦੋਂ ਕੇਜਰੀਵਾਲ ਨੇ ਸੀ. ਐੱਮ. ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤਾਂ ਉਹ ਗਾਜ਼ੀਆਬਾਦ ਦੇ ਕੌਸ਼ਾਂਬੀ ਸਥਿਤ ਆਪਣੇ ਨਿੱਜੀ ਫਲੈਟ ’ਚ ਰਹਿਣ ਲਈ ਚਲੇ ਗਏ ਸਨ। ਹਾਲਾਂਕਿ ਅਜਿਹੀਆਂ ਖਬਰਾਂ ਹਨ ਕਿ ਉਨ੍ਹਾਂ ਕੁਝ ਸਾਲ ਪਹਿਲਾਂ ਉਕਤ ਫਲੈਟ ਵੇਚ ਦਿੱਤਾ ਸੀ। ਦੁੱਖ ਦੀ ਗੱਲ ਇਹ ਹੈ ਕਿ ਘੱਟੋ-ਘੱਟ ਇਸ ਵੇਲੇ ਤਾਂ ਕੋਈ ਵੀ ‘ਸ਼ੀਸ਼ ਮਹਿਲ’ ’ਚ ਰਹਿਣ ਲਈ ਨਹੀਂ ਆ ਰਿਹਾ।


author

Tanu

Content Editor

Related News