RG ਕਰ ਮਾਮਲੇ ''ਚ ਪੀੜਤਾ ਦਾ ਨਾਂ, ਫੋਟੋ ਪ੍ਰਕਾਸ਼ਤ ਕਰਨ ਦੀ ਆਗਿਆ ਨਹੀਂ: SC
Monday, Sep 30, 2024 - 05:58 PM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਪਹਿਲਾਂ ਦੇ ਆਪਣੇ ਆਦੇਸ਼ ਨੂੰ ਦੋਹਰਾਇਆ ਕਿ ਆਰ. ਜੀ. ਕਰ ਹਸਪਤਾਲ ਜਬਰ-ਜ਼ਿਨਾਹ, ਕਤਲ ਮਾਮਲੇ ਵਿਚ ਕਿਸੇ ਵੀ ਸੋਸ਼ਲ ਮੀਡੀਆ ਮੰਚ ਨੂੰ ਪੀੜਤਾ ਦਾ ਨਾਂ ਅਤੇ ਫੋਟੋ ਪ੍ਰਕਾਸ਼ਤ ਕਰਨ ਦੀ ਆਗਿਆ ਨਹੀਂ ਹੈ। ਸੁਣਵਾਈ ਸ਼ੁਰੂ ਹੁੰਦੇ ਹੀ ਵਕੀਲ ਵਰਿੰਦਾ ਗਰੋਵਰ ਨੇ ਚੀਫ ਜਸਟਿਸ ਡੀ. ਵਾਈ. ਚੰਦਰਚੂੜ ਅਤੇ ਜਸਟਿਸ ਜੇ. ਬੀ. ਪਾਦਰੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੂੰ ਦੱਸਿਆ ਕਿ ਮ੍ਰਿਤਕ ਟ੍ਰੇਨੀ ਡਾਕਟਰ ਦੇ ਮਾਤਾ-ਪਿਤਾ ਸੋਸ਼ਲ ਮੀਡੀਆ 'ਤੇ ਵਾਰ-ਵਾਰ ਉਸ ਦੇ ਨਾਂ ਅਤੇ ਤਸਵੀਰਾਂ ਦਾ ਖ਼ੁਲਾਸਾ ਕਰਨ ਵਾਲੀ ਕਲਿੱਪ ਤੋਂ ਪਰੇਸ਼ਾਨ ਹੈ।
ਅਦਾਲਤ ਨੇ ਕਿਹਾ ਕਿ ਉਹ ਇਸ ਮੁੱਦੇ 'ਤੇ ਪਹਿਲਾਂ ਹੀ ਆਦੇਸ਼ ਪਾਸ ਕਰ ਚੁੱਕੀ ਹੈ ਅਤੇ ਆਦੇਸ਼ ਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ ਦਾ ਕੰਮ ਹੈ। ਅਦਾਲਤ ਨੇ ਪਹਿਲਾਂ ਦੇ ਆਦੇਸ਼ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਇਹ ਸਾਰੇ ਸੋਸ਼ਲ ਮੀਡੀਆ ਮੰਚਾਂ 'ਤੇ ਲਾਗੂ ਹੁੰਦਾ ਹੈ। ਬੈਂਚ ਨੇ ਕਿਹਾ ਕਿ ਸੀ. ਬੀ. ਆਈ. ਦੀ ਜਾਂਚ ਵਿਚ ਠੋਸ ਸੁਰਾਗ ਮਿਲੇ ਹਨ ਅਤੇ ਉਸ ਨੇ ਜਬਰ-ਜ਼ਿਨਾਹ ਅਤੇ ਕਤਲ ਤੇ ਵਿੱਤੀ ਬੇਨਿਯਮੀਆਂ ਦੋਹਾਂ ਪਹਿਲੂਆਂ 'ਤੇ ਬਿਆਨ ਦਿੱਤੇ ਹਨ।
ਸੁਪਰੀਮ ਕੋਰਟ ਨੇ 17 ਸਤੰਬਰ ਨੂੰ ਕਿਹਾ ਸੀ ਕਿ ਉਹ ਜਬਰ-ਜ਼ਿਨਾਹ ਅਤੇ ਕਤਲ ਮਾਮਲੇ ਵਿਚ ਸੀ. ਬੀ. ਆਈ. ਵਲੋਂ ਦਾਖ਼ਲ ਵਸਤੂ ਸਥਿਤੀ ਰਿਪੋਰਟ ਵਿਚ ਦਿੱਤੇ ਗਏ ਸਿੱਟਿਆਂ ਤੋਂ ਪਰੇਸ਼ਾਨ ਹੈ ਪਰ ਵੇਰਵਾ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਿਸੇ ਵੀ ਖ਼ੁਲਾਸੇ ਤੋਂ ਜਾਂਚ ਖ਼ਤਰੇ ਵਿਚ ਪੈ ਸਕਦੀ ਹੈ।