ਸਾਡੀ ਇਕ ਇੰਚ ਜ਼ਮੀਨ ’ਤੇ ਵੀ ਕੋਈ ਕਬਜ਼ਾ ਨਹੀਂ ਕਰ ਸਕਦਾ : ਅਮਿਤ ਸ਼ਾਹ
Tuesday, Apr 11, 2023 - 10:55 AM (IST)
ਕਿਬਿਥੂ (ਅਰੁਣਾਚਲ ਪ੍ਰਦੇਸ਼), (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਉਹ ਯੁੱਗ ਹੁਣ ਖਤਮ ਹੋ ਗਿਆ ਹੈ ਜਦੋਂ ਕੋਈ ਵੀ ਭਾਰਤ ਦੀ ਜ਼ਮੀਨ ’ਤੇ ਕਬਜ਼ਾ ਕਰ ਸਕਦਾ ਸੀ । ਹੁਣ ਕੋਈ ਵੀ ਸਾਡੀ ਸਰਹੱਦ ਵੱਲ ਵੇਖਣ ਦੀ ਹਿੰਮਤ ਨਹੀਂ ਕਰ ਕਰਦਾ।
ਅਰੁਣਾਚਲ ਪ੍ਰਦੇਸ਼ ਦੇ ਸਰਹੱਦੀ ਪਿੰਡ ਕਿਬਿਥੂ ਵਿੱਚ ‘ਵਾਈਬ੍ਰੈਂਟ ਵਿਲੇਜ’ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸ਼ਾਹ ਨੇ ਸੋਮਵਾਰ ਕਿਹਾ ਕਿ ਫੌਜ ਅਤੇ ਇੰਡੋ-ਤਿੱਬਤੀਅਨ ਬਾਰਡਰ ਪੁਲਸ ਦੀ ਬਹਾਦਰੀ ਨੇ ਇਹ ਯਕੀਨੀ ਬਣਾਇਆ ਹੈ ਕਿ ਹੁਣ ਕੋਈ ਵੀ ਭਾਰਤ ਦੀ ਇੱਕ ਇੰਚ ਜ਼ਮੀਨ ’ਤੇ ਵੀ ਕਬਜ਼ਾ ਨਹੀਂ ਕਰ ਸਕਦਾ। ਸੂਈ ਦੇ ਨੱਕੇ ਦੇ ਬਰਾਬਰ ਦੀ ਜ਼ਮੀਨ ’ਤੇ ਵੀ ਕਬਜ਼ਾ ਕਰਨ ਤੋਂ ਪਹਿਲਾਂ ਕੋਈ 100 ਵਾਰ ਸੋਚੇਗਾ।
ਕਿਬਿਥੂ ਭਾਰਤ ਦੇ ਸਭ ਤੋਂ ਪੂਰਬੀ ਸਿਰੇ ’ਤੇ ਸਥਿਤ ਪਿੰਡ ਹੈ। ਉੱਤਰ-ਪੂਰਬ ਵਿੱਚ ਬੁਨਿਆਦੀ ਢਾਂਚੇ ਅਤੇ ਹੋਰ ਕੀਤੇ ਗਏ ਵਿਕਾਸ ਕਾਰਜਾਂ ਵੱਲ ਇਸ਼ਾਰਾ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਸਰਹੱਦੀ ਖੇਤਰ ਮੋਦੀ ਸਰਕਾਰ ਦੀ ਪ੍ਰਮੁੱਖ ਤਰਜੀਹ ਹਨ।
ਕਿਬਿਥੂ ਦੇ ਸ਼ਹੀਦ ਜਿਨ੍ਹਾਂ 1962 ਦੀ ਲੜਾਈ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਉਨ੍ਹਾਂ ਸਾਧਨਾਂ ਦੀ ਘਾਟ ਦੇ ਬਾਵਜੂਦ ਅਦੁੱਤੀ ਹਿੰਮਤ ਨਾਲ ਦੇਸ਼ ਦੀ ਰਾਖੀ ਕੀਤੀ।
ਸ਼ਾਹ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਵਿੱਚ ਕੋਈ ਵੀ ਇੱਕ-ਦੂਜੇ ਨੂੰ ਨਮਸਤੇ ਨਹੀਂ ਕਹਿੰਦਾ । ਇੱਥੋਂ ਦੇ ਲੋਕ ‘ਜੈ ਹਿੰਦ’ ਨਾਲ ਇੱਕ ਦੂਜੇ ਦਾ ਸਵਾਗਤ ਕਰਦੇ ਹਨ ਜੋ ਸਾਡੇ ਦਿਲਾਂ ਨੂੰ ਦੇਸ਼ ਭਗਤੀ ਦੀ ਭਾਵਨਾ ਨਾਲ ਭਰ ਦਿੰਦਾ ਹੈ। ਪਹਿਲਾਂ ਸਰਹੱਦੀ ਇਲਾਕਿਆਂ ਤੋਂ ਪਰਤਣ ਵਾਲੇ ਲੋਕ ਕਹਿੰਦੇ ਸਨ ਕਿ ਉਹ ਭਾਰਤ ਦੇ ਆਖਰੀ ਪਿੰਡ ਦੀ ਯਾਤਰਾ ਕਰ ਚੁੱਕੇ ਹਨ ਪਰ ਮੋਦੀ ਸਰਕਾਰ ਨੇ ਇਸ ਧਾਰਨਾ ਨੂੰ ਬਦਲ ਦਿੱਤਾ ਹੈ। ਹੁਣ ਲੋਕ ਕਹਿੰਦੇ ਹਨ ਕਿ ਉਨ੍ਹਾਂ ਭਾਰਤ ਦੇ ਪਹਿਲੇ ਪਿੰਡ ਦੀ ਯਾਤਰਾ ਕੀਤੀ ਹੈ।
ਸ਼ਾਹ ਨੇ ਕਿਹਾ ਕਿ 2014 ਤੋਂ ਪਹਿਲਾਂ ਪੂਰੇ ਉੱਤਰੀ-ਪੂਰਬੀ ਖੇਤਰ ਨੂੰ ਇੱਕ ਅਸ਼ਾਂਤ ਖੇਤਰ ਵਜੋਂ ਦੇਖਿਆ ਜਾਂਦਾ ਸੀ ਪਰ ‘ਲੁੱਕ ਈਸਟ’ ਨੀਤੀ ਕਾਰਨ ਇਹ ਹੁਣ ਆਪਣੀ ਖੁਸ਼ਹਾਲੀ ਅਤੇ ਵਿਕਾਸ ਲਈ ਜਾਣਿਆ ਜਾਂਦਾ ਹੈ।