''1989 ਤੋਂ ਬਾਅਦ ਪਹਿਲੀ ਵਾਰ ਦੱਖਣੀ ਕਸ਼ਮੀਰ ਦੇ ਤ੍ਰਾਲ ''ਚ ਕੋਈ ਹਿਜ਼ਬੁਲ ਅੱਤਵਾਦੀ ਨਹੀਂ''
Saturday, Jun 27, 2020 - 01:51 AM (IST)
ਸ਼੍ਰੀਨਗਰ - ਜੰਮੂ-ਕਸ਼ਮੀਰ ਪੁਲਸ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ ਖੇਤਰ 'ਚ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਦੀ ਹੁਣ ਕੋਈ ਮੌਜੂਦਗੀ ਨਹੀਂ ਹੈ। 1989 'ਚ ਘਾਟੀ 'ਚ ਅੱਤਵਾਦ ਦੇ ਫੈਲਣ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ।
ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਤ੍ਰਾਲ ਦੇ ਚੇਵਾ ਉਲਾਰ ਇਲਾਕੇ 'ਚ ਸੁਰੱਖਿਆ ਬਲਾਂ ਨਾਲ ਰਾਤ ਭਰ ਹੋਏ ਮੁਕਾਬਲੇ 'ਚ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਪੁਲਸ ਨੇ ਇਹ ਦਾਅਵਾ ਕੀਤਾ ਹੈ। ਕਸ਼ਮੀਰ ਦੇ ਇੰਸਪੈਕਟਰ ਜਨਰਲ ਆਫ਼ ਪੁਲਸ (ਆਈ.ਜੀ.ਪੀ.) ਵਿਜੈ ਕੁਮਾਰ ਨੇ ਕਸ਼ਮੀਰ ਖੇਤਰ ਪੁਲਸ ਦੇ ਆਧਿਕਾਰਕ ਟਵਿੱਟਰ ਹੈਂਡਲ 'ਤੇ ਇੱਕ ਟਵੀਟ 'ਚ ਕਿਹਾ, ‘‘ਅੱਜ ਦੀ ਸਫਲ ਮੁਹਿੰਮ ਤੋਂ ਬਾਅਦ, ਤ੍ਰਾਲ ਖੇਤਰ 'ਚ ਹੁਣ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਦੀ ਮੌਜੂਦਗੀ ਨਹੀਂ ਹੈ। ਇਹ 1989 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ। ਕਸ਼ਮੀਰ 'ਚ ਅੱਤਵਾਦ ਫੈਲਣ ਤੋਂ ਬਾਅਦ ਇੱਥੇ ਹਿਜ਼ਬੁਲ ਮੁਜਾਹਿਦੀਨ ਦਾ ਦਬਦਬਾ ਸੀ। ਘਾਟੀ 'ਚ ਇਸਦੇ ਕਈ ਹਜ਼ਾਰ ਕੈਡਰ ਸਨ। ਬੁਰਹਾਨ ਵਾਨੀ ਅਤੇ ਜ਼ਾਕੀਰ ਮੂਸਾ ਸਮੇਤ ਸੰਗਠਨ ਦੇ ਕਈ ਚੋਟੀ ਦੇ ਕਮਾਂਡਰ ਤ੍ਰਾਲ ਖੇਤਰ ਤੋਂ ਸਨ।‘‘