ਗਣਤੰਤਰ ਦਿਵਸ ਮੌਕੇ ਇਸ ਵਾਰ ਕੋਈ ਚੀਫ ਗੈਸਟ ਨਹੀਂ, 1966 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਅਜਿਹਾ

01/14/2021 8:25:45 PM

ਨਵੀਂ ਦਿੱਲੀ - ਇਸ ਵਾਰ ਗਣਤੰਤਰ  ਦਿਵਸ ਮੌਕੇ ਕਿਸੇ ਵੀ ਦੇਸ਼ ਦੇ ਮੁਖੀ ਮੁੱਖ ਮਹਿਮਾਨ ਵਜੋਂ ਸ਼ਾਮਲ ਨਹੀਂ ਹੋਣਗੇ। ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੋਰੋਨਾ ਕਾਰਨ ਇਸ ਸਾਲ ਦੇ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿੱਚ ਕਿਸੇ ਵਿਦੇਸ਼ੀ ਰਾਸ਼ਟਰ ਮੁਖੀ ਜਾਂ ਸਰਕਾਰ ਦੇ ਮੁਖੀ ਨੂੰ ਸੱਦਾ ਨਹੀਂ ਦੇਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ 1966 ਵਿੱਚ ਅਜਿਹਾ ਹੋਇਆ ਸੀ, ਜਦੋਂ ਗਣਤੰਤਰ ਦਿਵਸ ਬਿਨਾਂ ਮੁੱਖ ਮਹਿਮਾਨ ਦੇ ਮਨਾਇਆ ਗਿਆ ਸੀ।

ਦੱਸ ਦਈਏ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਇਸ ਸਾਲ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਸਨ। ਬਾਅਦ ਵਿੱਚ ਉਨ੍ਹਾਂ ਨੇ ਆਪਣਾ ਭਾਰਤ ਦੌਰਾ ਰੱਦ ਕਰ ਦਿੱਤਾ। ਬੌਰਿਸ ਜਾਨਸਨ ਨੇ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਚੱਲਦੇ ਭਾਰਤ ਦੌਰਾ ਰੱਦ ਕੀਤਾ। ਗਣਤੰਤਰ ਦਿਵਸ 'ਤੇ ਨਾ ਆਉਣ 'ਤੇ ਬੌਰਿਸ ਜਾਨਸਨ ਨੇ ਆਪਣੇ ਫੈਸਲੇ 'ਤੇ ਦੁੱਖ ਵੀ ਜਤਾਇਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ ਅਤੇ ਭਾਰਤ ਨਾ ਆ ਸਕਣ ਲਈ ਦੁੱਖ ਜ਼ਾਹਿਰ ਕੀਤਾ। ਪੀ.ਐੱਮ. ਨਾਲ ਗੱਲ ਕਰਦੇ ਹੋਏ ਬੌਰਿਸ ਜਾਨਸਨ ਨੇ ਕਿਹਾ ਸੀ ਕਿ ਜਿਸ ਰਫ਼ਤਾਰ ਨਾਲ ਬ੍ਰਿਟੇਨ ਵਿੱਚ ਨਵਾਂ ਕੋਰੋਨਾ ਵਾਇਰਸ ਫੈਲ ਰਿਹਾ ਹੈ, ਉਨ੍ਹਾਂ ਲਈ ਬ੍ਰਿਟੇਨ ਵਿੱਚ ਰਹਿਣਾ ਮਹੱਤਵਪੂਰਣ ਹੈ, ਤਾਂ ਕਿ ਉਹ ਵਾਇਰਸ ਦੀ ਘਰੇਲੂ ਪ੍ਰਤੀਕਿਰਿਆ 'ਤੇ ਧਿਆਨ ਕੇਂਦਰਿਤ ਕਰ ਸਕਣ।

ਇਹ ਚੌਥਾ ਅਜਿਹਾ ਮੌਕਾ ਹੋਵੇਗਾ ਜਦੋਂ ਭਾਰਤੀ ਗਣਤੰਤਰ ਦਿਵਸ ਸਮਾਗਮ ਵਿੱਚ ਕੋਈ ਵੀ ਚੀਫ ਗੈਸਟ ਨਹੀਂ ਹੋਵੇਗਾ। ਇਸ ਤੋਂ ਪਹਿਲਾਂ 1952, 1953 ਅਤੇ 1966 ਵਿੱਚ ਅਜਿਹਾ ਹੋ ਚੁੱਕਾ ਹੈ। ਉਥੇ ਹੀ, ਕਈ ਵਾਰ ਅਜਿਹੇ ਮੌਕੇ ਵੀ ਆਏ ਜਦੋਂ ਦੇਸ਼ ਦੇ ਗਣਤੰਤਰ ਦਿਵਸ ਸਮਾਗਮ ਵਿੱਚ ਦੋ-ਦੋ ਮਹਿਮਾਨ ਵੀ ਸ਼ਾਮਿਲ ਹੋਏ। ਸਾਲ 1956, 1968 ਅਤੇ 1974 ਵਿੱਚ ਦੋ-ਦੋ ਮੁੱਖ ਮਹਿਮਾਨ ਸ਼ਾਮਲ ਹੋਏ। ਉਥੇ ਹੀ, ਸਾਲ 2018 ਵਿੱਚ 10 ਏਸ਼ੀਆਈ ਦੇਸ਼ਾਂ  ਦੇ ਪ੍ਰਮੁੱਖ ਗੈਸਟ ਦੇ ਰੂਪ ਵਿੱਚ ਭਾਰਤੀ ਗਣਤੰਤਰ ਦਿਵਸ ਸਮਾਗਮ ਵਿੱਚ ਸ਼ਾਮਲ ਹੋਏ ਸਨ। ਇਹ ਪਹਿਲਾ ਮੌਕਾ ਸੀ ਜਦੋਂ ਇੰਨੇ ਦੇਸ਼ਾਂ ਦੇ ਮੁਖੀ 26 ਜਨਵਰੀ ਦੀ ਪਰੇਡ ਵਿੱਚ ਸ਼ਾਮਲ ਹੋਏ ਸਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News