ਨਿਤਿਸ਼ ਦੀ ‘ਸੁਸ਼ਾਸਨ ਬਾਬੂ’ ਦੀ ਟੈਗਲਾਈਨ ਹੋਈ ਪੁਰਾਣੀ

04/20/2022 10:57:20 AM

ਨਵੀਂ ਦਿੱਲੀ– ਪਿਛਲੇ ਮਹੀਨੇ ਲਖਨਊ ’ਚ ਯੋਗੀ ਆਦਿੱਤਿਆਨਾਥ ਦੇ ਸਹੁੰ ਚੁੱਕ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਨਾਲ ਨਿਤਿਸ਼ ਕੁਮਾਰ ਨੂੰ ਜਨਤਕ ਤੌਰ ’ਤੇ ਨਜ਼ਰਅੰਦਾਜ਼ ਕੀਤਾ ਸੀ, ਉਸ ਨੇ ਸਿਆਸੀ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਮੰਚ ’ਤੇ ਮੋਦੀ ਦੇ ਸਾਹਮਣੇ ਨਿਤਿਸ਼ ਕਿਸੇ ਜਪਾਨੀ ਵਾਂਗ ਝੁਕੇ ਪਰ ਪੀ. ਐੱਮ. ਮੋਦੀ ਨੇ ਉਨ੍ਹਾਂ ਦੇ ਸਵਾਗਤ ਦਾ ਜਵਾਬ ਨਹੀਂ ਦਿੱਤਾ।

ਅਸਲ ’ਚ ਭਾਜਪਾ ਲੰਬੇ ਸਮੇਂ ਤੋਂ ਨਿਤਿਸ਼ ਕੁਮਾਰ ਦੀ ਸ਼ਾਸਨ ਸ਼ੈਲੀ ਤੋਂ ਬੇਹੱਦ ਨਾਰਾਜ਼ ਹੈ ਕਿਉਂਕਿ ਉਨ੍ਹਾਂ ਦਾ ਮੰਣਨਾ ਹੈ ਕਿ ਨਿਤਿਸ਼ ਹੰਕਾਰੀ, ਗੈਰ-ਹਾਜ਼ਰ ਤੇ ਆਪਣੀ ਮਰਜ਼ੀ ਦੇ ਮਾਲਕ ਬਣ ਗਏ ਹਨ। ਨਿਤਿਸ਼ ਦੀ ‘ਸੁਸ਼ਾਸਨ ਬਾਬੂ’ ਦੀ ਟੈਗਲਾਈਨ ਪੁਰਾਣੀ ਹੋ ਚੁੱਕੀ ਹੈ। ਬਿਹਾਰ ’ਚ ਨਿਤਿਸ਼ ਦੀ ਸ਼ਰਾਬ ਨੀਤੀ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਉਥਲ-ਪੁਥਲ ਦੇਖੀ ਜਾ ਰਹੀ ਹੈ।

ਅਦਾਲਤਾਂ ਵੱਲੋਂ ਕਈ ਵਿਰੋਧੀ ਟਿੱਪਣੀਆਂ ਅਤੇ ਫੈਸਲਿਆਂ ਤੋਂ ਬਾਅਦ ਨਿਤਿਸ਼ ਕੁਮਾਰ ਸ਼ਰਾਬ ਕਾਨੂੰਨ ’ਚ ਸੋਧ ਕਰਨ ਲਈ ਸਹਿਮਤ ਹੋਏ। ਵਿਧਾਨ ਸਭਾ ’ਚ ਭਾਜਪਾ ਦੇ ਨਾਮਜ਼ਦ ਸਪੀਕਰ ਨਾਲ ਨਿਤਿਸ਼ ਦੀ ਤਕਰਾਰ ਨੇ ਵੀ ਦੋਵਾਂ ਸਹਿਯੋਗੀਆਂ ’ਚ ਦੂਰੀਆਂ ਪੈਦਾ ਕੀਤੀਆਂ।

ਭਾਜਪਾ ’ਚ ਨਿਤਿਸ਼ ਕੁਮਾਰ ਦੇ ਨੇੜਲੇ ਸੁਸ਼ੀਲ ਮੋਦੀ ਨੂੰ ਪਹਿਲਾਂ ਹੀ ਰਾਜ ਸਭਾ ਭੇਜਿਆ ਜਾ ਚੁੱਕਾ ਹੈ ਅਤੇ ਸਖਤ ਮਿਜ਼ਾਜ਼ ਡਾ. ਸੰਜੇ ਜਾਇਸਵਾਲ ਨੂੰ ਬਿਹਾਰ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ ਹੈ। ਜਾਇਸਵਾਲ ਅੱਜ ਭਾਜਪਾ ਦੇ ਉਭਰਦੇ ਸਿਤਾਰੇ ਹਨ।

ਬਿਹਾਰ ਦੇ ਹਾਲਾਤ ਨੂੰ ਸਮਝਦੇ ਹੋਏ ਭਾਜਪਾ ਦੇ ਕਈ ਕੇਂਦਰੀ ਨੇਤਾ ਸੂਬੇ ’ਚ ਜਾ ਕੇ ਪਾਰਟੀ ਲਈ ਕੰਮ ਕਰਨ ਲਈ ਉਤਾਵਲੇ ਹਨ। ਕਾਰਨ-ਉਹ ਖੁਦ ਨੂੰ ਬਿਹਾਰ ਦੇ ਭਵਿੱਖ ਦੇ ਮੁੱਖ ਮੰਤਰੀ ਦੇ ਰੂਪ ’ਚ ਦੇਖਦੇ ਹਨ ਕਿਉਂਕਿ ਭਾਜਪਾ ਹੁਣ ਨਿਤਿਸ਼ ਕੁਮਾਰ ਵਿਰੁੱਧ ਤਖਤਾ ਪਲਟ ਦੀ ਯੋਜਨਾ ਬਣਾ ਰਹੀ ਹੈ।

ਰਵੀਸ਼ੰਕਰ ਪ੍ਰਸਾਦ ਨੂੰ ਮੰਤਰੀ ਮੰਡਲ ਤੋਂ ਹਟਾਏ ਜਾਣ ਤੋਂ ਬਾਅਦ ਗ੍ਰਾਮੀਣ ਵਿਕਾਸ ਮੰਤਰੀ ਗਿਰੀਰਾਜ ਸਿੰਘ ਅਤੇ ਬਿਜਲੀ ਮੰਤਰੀ ਆਰ. ਕੇ. ਸਿੰਘ ਬਿਹਾਰ ਤੋਂ ਭਾਜਪਾ ਦੀ ਨੁਮਾਇੰਦਗੀ ਕਰਨ ਵਾਲੇ 2 ਹੋਰ ਕੈਬਨਿਟ ਮੰਤਰੀ ਹਨ। ਜਿਥੇ ਆਰ. ਕੇ. ਸਿੰਘ ਦਿੱਲੀ ’ਚ ਰਹਿ ਕੇ ਖੁਸ਼ ਹਨ, ਉੱਥੇ ਗਿਰੀਰੀਜ ਸਿੰਘ ਨੂੰ ਹੁਣ ਪਾਰਟੀ ਨੂੰ ਸਮਾਂ ਦੇਣ ਦੀ ਇੱਛਾ ਜਤਾਉਂਦੇ ਹੋਏ ਸੁਣਿਆ ਗਿਆ।

ਉਨ੍ਹਾਂ ਦਾ ਮੰਣਨਾ ਹੈ ਕਿ ਭਾਜਪਾ ਦੇ ਵੋਟ ਬੈਂਕ ਨੂੰ ਮੌਜੂਦਾ 19.46 ਫੀਸਦੀ ਤੋਂ ਵਧਾ ਕੇ 25 ਫੀਸਦੀ ਤੋਂ ਵੱਧ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਭੂਮੀਹਾਰ ਨੇਤਾ ਕਿਹਾ ਜਾਂਦਾ ਹੈ ਅਤੇ ਉਹ ਇਸ ਜਾਤੀ ਦੇ ਟੈਗ ਨੂੰ ਹਟਾਉਣਾ ਚਾਹੁੰਦੇ ਹਨ। ਰਾਧਾ ਮੋਹਨ ਸਿੰਘ ਤੇ ਰਾਜੀਵ ਪ੍ਰਤਾਪ ਰੂਡੀ ਵੀ ਕਤਾਰ ’ਚ ਹਨ।


Rakesh

Content Editor

Related News