ਨਿਤੀਸ਼ ਸਰਕਾਰ ਨੇ ਹਾਸਲ ਕੀਤੀ ਭਰੋਸੇ ਦੀ ਵੋਟ
Thursday, Aug 25, 2022 - 02:44 PM (IST)
ਪਟਨਾ– ਬਿਹਾਰ ’ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਮਹਾਗਠਬੰਧਨ ਸਰਕਾਰ ਨੇ ਬੁੱਹਵਾਰ ਵਿਧਾਨ ਸਭਾ ’ਚ ਭਰੋਸੇ ਦੀ ਵੋਟ ਹਾਸਲ ਕਰ ਲਈ। ਨਵੀਂ ਬਣੀ ਮਹਾਗਠਜੋੜ ਸਰਕਾਰ ਵਲੋਂ ਭਰੋਸੇ ਦੀ ਵੋਟ ਹਾਸਲ ਕਰਨ ਲਈ ਬੁੱਧਵਾਰ ਬੁਲਾਈ ਗਈ ਬੈਠਕ ’ਚ 160 ਮੈਂਬਰਾਂ ਨੇ ਨਿਤੀਸ਼ ਸਰਕਾਰ ਦੇ ਹੱਕ ’ਚ ਵੋਟਿੰਗ ਕੀਤੀ। ਇਸ ਦੇ ਨਾਲ ਹੀ ਵਿਰੋਧੀ ਮੈਂਬਰਾਂ ਦੇ ਵਾਕ ਆਊਟ ਕਾਰਨ ਸਰਕਾਰ ਦੇ ਵਿਰੋਧ ਵਿੱਚ ਇੱਕ ਵੀ ਵੋਟ ਨਹੀਂ ਪਈ।
ਨਿਤੀਸ਼ ਦੀ ਸਰਕਾਰ ਨੂੰ ਜਨਤਾ ਦਲ (ਯੂ), ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ.), ਕਾਂਗਰਸ, ਹਿੰਦੁਸਤਾਨੀ ਅਵਾਮ ਮੋਰਚਾ (ਹਮ), ਭਾਰਤੀ ਕਮਿਊਨਿਸਟ ਪਾਰਟੀ (ਸੀ. ਪੀ. ਆਈ.), ਭਾਰਤੀ ਕਮਿਊਨਿਸਟ ਪਾਰਟੀ (ਐੱਮ), ਕਮਿਊਨਿਸਟ ਪਾਰਟੀ ਆਫ਼ ਇੰਡੀਆ, ਭਾਰਤ ਮਾਰਕਸਵਾਦੀ-ਲੈਨਿਨਵਾਦੀ (ਸੀ. ਪੀ.ਆਈ.-ਐੱਮ. ਐੱਲ.) ਅਤੇ ਇੱਕ ਆਜ਼ਾਦ ਸਮੇਤ 164 ਮੈਂਬਰਾਂ ਦਾ ਸਮਰਥਨ ਮਿਲਿਆ। ਜੇ. ਡੀ.ਯੂ. ਦੇ ਵਿਜੇਂਦਰ ਪ੍ਰਸਾਦ ਯਾਦਵ ਤੇ ਬੀਮਾ ਭਾਰਤੀ ਬਿਮਾਰੀ ਕਾਰਨ ਅਤੇ ਸੀ.ਪੀ.ਆਈ. ਦੇ ਸੂਰਿਆਕਾਂਤ ਪਾਸਵਾਨ ਅਤੇ ਐਚ.ਏ.ਐਮ. ਦੇ ਪ੍ਰਫੁੱਲ ਮਾਂਝੀ ਹੋਰ ਕਾਰਨਾਂ ਕਰਕੇ ਸਦਨ ਵਿੱਚ ਹਾਜ਼ਰ ਨਹੀਂ ਹੋ ਸਕੇ। ਆਲ ਇੰਡੀਆ ਮਜਲਿਸ-ਏ-ਇਤਿਹਾਦੁਲ ਮੁਸਲਮੀਨ ਦੇ ਅਖਤਰੁਲ ਇਮਾਨ ਸਮੇਤ ਕੁਲ 160 ਮੈਂਬਰਾਂ ਨੇ ਨਿਤੀਸ਼ ਸਰਕਾਰ ਦੇ ਹੱਕ ਵਿੱਚ ਭਰੋਸਾ ਜਤਾਇਆ। ਵਿਧਾਨ ਸਭਾ ਦੇ ਸਪੀਕਰ ਮਹੇਸ਼ਵਰ ਹਜ਼ਾਰੀ ਨੇ ਹਾਊਸ ਦਾ ਸੰਚਾਲਨ ਕੀਤਾ, ਇਸ ਲਈ ਉਨ੍ਹਾਂ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ।
ਬਿਹਾਰ ਵਿਧਾਨ ਸਭਾ ਦੇ ਸਪੀਕਰ ਵਿਜੇ ਕੁਮਾਰ ਵੱਲੋਂ ਅਸਤੀਫਾ
ਬਿਹਾਰ ਵਿਧਾਨ ਸਭਾ ਦੇ ਸਪੀਕਰ ਵਿਜੇ ਕੁਮਾਰ ਸਿਨ੍ਹਾ ਨੇ ਬਹੁਮਤ ਦਾ ਸਤਿਕਾਰ ਕਰਦੇ ਹੋਏ ਬੁੱਧਵਾਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਮੈਂਬਰਾਂ ਨੂੰ ਨਸੀਹਤ ਦਿੱਤੀ ਕਿ ਉਹ ਲੋਕਰਾਜ ’ਚ ਪ੍ਰਾਪਤ ਅਧਿਕਾਰਾਂ ਦੀ ਸਹੀ ਦਿਸ਼ਾ ’ਚ ਵਰਤੋਂ ਕਰ ਕੇ ਲੋਕਾਂ ਦਾ ਭਰੋਸਾ ਜਿੱਤਣ ਅਤੇ ਲੋਕਰਾਜ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ।
ਨਵੀਂ ਬਣੀ ਸਰਕਾਰ ਵੱਲੋਂ ਭਰੋਸੇ ਦੀ ਵੋਟ ਹਾਸਲ ਕਰਨ ਲਈ ਬੁੱਧਵਾਰ ਸੱਦੀ ਗਈ ਵਿਧਾਨ ਸਭਾ ਦੀ ਬੈਠਕ ’ਚ ਸਪੀਕਰ ਨੇ ਆਪਣੇ ਵਿਰੁੱਧ ਲਿਆਂਦੇ ਦੋਸ਼ਾਂ ਦਾ ਲੜੀਵਾਰ ਜਵਾਬ ਦਿੱਤਾ ਅਤੇ ਕਿਹਾ ਕਿ ਨਵੀਂ ਸਰਕਾਰ ਦੇ ਗਠਨ ਪਿੱਛੋਂ ਉਹ ਖੁਦ ਅਸਤੀਫਾ ਦੇ ਰਹੇ ਹਨ।