ਨਿਤੀਸ਼ ਕੁਮਾਰ ਚੁਣੇ ਗਏ NDA ਵਿਧਾਇਕ ਦਲ ਦੇ ਨੇਤਾ, ਭਲਕੇ 10ਵੀਂ ਵਾਰ ਚੁੱਕਣਗੇ CM ਅਹੁਦੇ ਦੀ ਸਹੁੰ
Wednesday, Nov 19, 2025 - 04:32 PM (IST)
ਨੈਸ਼ਨਲ ਡੈਸਕ- ਬੀਤੇ ਦਿਨੀਂ ਐਲਾਨੇ ਗਏ ਚੋਣ ਨਤੀਜਿਆਂ ਤੋਂ ਬਾਅਦ ਬਿਹਾਰ 'ਚ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਛਿੜੀ ਹੋਈ ਚਰਚਾ ਅੱਜ ਆਖ਼ਿਰ ਖ਼ਤਮ ਹੋ ਗਈ ਹੈ। ਅੱਜ ਸਵੇਰੇ ਨਿਤੀਸ਼ ਕੁਮਾਰ ਨੂੰ ਜਨਤਾ ਦਲ ਯੂਨਾਈਟਿਡ (ਜੇ.ਡੀ.ਯੂ.) ਦਾ ਨੇਤਾ ਚੁਣਿਆ ਗਿਆ ਸੀ ਤੇ ਹੁਣ ਉਨ੍ਹਾਂ ਨੂੰ ਐੱਨ.ਡੀ.ਏ. ਵਿਧਾਇਕ ਦਲ ਦਾ ਵੀ ਨੇਤਾ ਚੁਣਿਆ ਗਿਆ ਹੈ, ਜਿਸ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਨਿਤੀਸ਼ ਹੀ ਸੂਬੇ ਦੇ ਮੁੱਖ ਮੰਤਰੀ ਬਣਨਗੇ।
ਇਹ ਫੈਸਲਾ ਐੱਨ.ਡੀ.ਏ. ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਲਿਆ ਗਿਆ ਹੈ। ਨਿਤੀਸ਼ ਕੁਮਾਰ 10ਵੀਂ ਵਾਰ ਬਿਹਾਰ ਦੀ ਕਮਾਨ ਸੰਭਾਲਣਗੇ। ਉਹ ਭਲਕੇ ਪਟਨਾ ਦੇ ਗਾਂਧੀ ਮੈਦਾਨ ਵਿਖੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ, ਜਦਕਿ ਸਮਰਾਟ ਚੌਧਰੀ ਅਤੇ ਵਿਜੇ ਕੁਮਾਰ ਸਿੰਘ ਉਨ੍ਹਾਂ ਦੇ ਨਾਲ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
ਸਾਰੇ ਨਵੇਂ ਚੁਣੇ ਗਏ ਵਿਧਾਇਕ ਐੱਨ.ਡੀ.ਏ. ਵਿਧਾਇਕ ਦਲ ਦੀ ਮੀਟਿੰਗ ਵਿੱਚ ਮੌਜੂਦ ਸਨ। ਐੱਨ.ਡੀ.ਏ. ਆਗੂਆਂ ਨੇ ਆਪਣੀ ਜਿੱਤ ਲਈ ਬਿਹਾਰ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ, 85 ਵਿਧਾਇਕਾਂ ਦੇ ਨਾਲ ਜੇ.ਡੀ.ਯੂ. ਨੇ ਨਿਤੀਸ਼ ਕੁਮਾਰ ਨੂੰ ਆਪਣਾ ਵਿਧਾਇਕ ਦਲ ਦਾ ਨੇਤਾ ਚੁਣਿਆ। 89 ਵਿਧਾਇਕਾਂ ਦੇ ਨਾਲ ਭਾਜਪਾ ਨੇ ਸਮਰਾਟ ਚੌਧਰੀ ਨੂੰ ਆਪਣਾ ਵਿਧਾਇਕ ਦਲ ਦਾ ਨੇਤਾ ਅਤੇ ਵਿਜੇ ਕੁਮਾਰ ਸਿਨਹਾ ਨੂੰ ਆਪਣਾ ਉਪ ਨੇਤਾ ਚੁਣਿਆ। ਇਸ ਨਾਲ ਬਿਹਾਰ ਵਿੱਚ ਅਗਲੀ ਸਰਕਾਰ ਦੇ ਗਠਨ ਦਾ ਰਸਤਾ ਸਾਫ਼ ਹੋ ਗਿਆ ਹੈ।
ਭਾਜਪਾ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਭਾਜਪਾ ਦੇ ਕੇਂਦਰੀ ਆਬਜ਼ਰਵਰ ਕੇਸ਼ਵ ਪ੍ਰਸਾਦ ਮੌਰਿਆ ਨੇ ਦੱਸਿਆ ਕਿ ਪਾਰਟੀ ਨੇ ਸਰਬਸੰਮਤੀ ਨਾਲ ਸਮਰਾਟ ਚੌਧਰੀ ਅਤੇ ਵਿਜੇ ਕੁਮਾਰ ਸਿਨਹਾ ਨੂੰ ਚੁਣਿਆ ਹੈ ਅਤੇ ਦੋਵਾਂ ਆਗੂਆਂ ਨੂੰ ਵਧਾਈ ਦਿੱਤੀ ਹੈ। ਮੌਰਿਆ ਨੇ ਕਿਹਾ, "ਸਮਰਾਟ ਚੌਧਰੀ ਅਤੇ ਵਿਜੇ ਸਿਨਹਾ ਦੀ ਜੋੜੀ ਫਿੱਟ ਵੀ ਹੈ ਅਤੇ ਹਿੱਟ ਵੀ।" ਜ਼ਿਕਰਯੋਗ ਹੈ ਕਿ ਸਮਰਾਟ ਚੌਧਰੀ ਅਤੇ ਵਿਜੇ ਕੁਮਾਰ ਸਿਨਹਾ ਪਿਛਲੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਸਰਕਾਰ 'ਚ ਵੀ ਇਨ੍ਹਾਂ ਹੀ ਅਹੁਦਿਆਂ 'ਤੇ ਸਨ ਤੇ ਇਸ ਵਾਰ ਵੀ ਉਹ ਉਪ ਮੁੱਖ ਮੰਤਰੀ ਅਹੁਦਿਆਂ 'ਤੇ ਬਣੇ ਰਹਿਣਗੇ।
