ਬਿਹਾਰ ਦੇ ਅਗਲੇ ਸਪੀਕਰ ਬਾਰੇ ਹੁਣ ਨਿਤੀਸ਼ ਕੁਮਾਰ ਤੇ ਭਾਜਪਾ ਕਰਨਗੇ ਚਰਚਾ

Sunday, Apr 05, 2026 - 12:10 AM (IST)

ਬਿਹਾਰ ਦੇ ਅਗਲੇ ਸਪੀਕਰ ਬਾਰੇ ਹੁਣ ਨਿਤੀਸ਼ ਕੁਮਾਰ ਤੇ ਭਾਜਪਾ ਕਰਨਗੇ ਚਰਚਾ

ਨੈਸ਼ਨਲ ਡੈਸਕ- ਨਿਤੀਸ਼ ਕੁਮਾਰ ਨੇ ਸੋਮਵਾਰ ਬਿਹਾਰ ਵਿਧਾਨ ਪ੍ਰੀਸ਼ਦ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਉਹ ਅਜੇ ਮੁੱਖ ਮੰਤਰੀ ਬਣੇ ਰਹਿਣਗੇ। ਕਾਨੂੰਨ ਅਨੁਸਾਰ ਨਿਤੀਸ਼ ਕੋਲ ਰਾਜ ਸਭਾ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਸਮਾਂ ਹੈ।

ਜਨਤਾ ਦਲ (ਯੂ) ਦੇ ਇਕ ਸੀਨੀਅਰ ਨੇਤਾ ਨੇ ‘ਆਨ ਰਿਕਾਰਡ’ ਕਿਹਾ ਕਿ ਨਿਤੀਸ਼ ਹਮੇਸ਼ਾ ਸੰਵਿਧਾਨਕ ਨਿਯਮਾਂ ਦੀ ਪਾਲਣਾ ਕਰਦੇ ਰਹੇ ਹਨ ਤੇ ਸਮਾਂ ਆਉਣ ’ਤੇ ਵੀ ਅਜਿਹਾ ਕਰਦੇ ਰਹਿਣਗੇ। ਜਨਤਾ ਦਲ (ਯੂ) ਦੇ ਅੰਦਰੂਨੀ ਸੂਤਰਾਂ ਨੇ ਕਿਹਾ ਕਿ ਨਿਤੀਸ਼ ਅਸਤੀਫਾ ਦੇਣ ਤੋਂ ਪਹਿਲਾਂ ਬਿਹਾਰ ਦੀ ਅਗਲੀ ਸਰਕਾਰ ਦੀ ਰੂਪ-ਰੇਖਾ ਤੇ ਵਿਧਾਨ ਸਭਾ ਦੇ ਅਗਲੇ ਸਪੀਕਰ ਦੇ ਮੁੱਦੇ ਨੂੰ ਅੰਤਿਮ ਰੂਪ ਦੇਣਾ ਚਾਹੁੰਦੇ ਸਨ।

ਜਨਤਾ ਦਲ (ਯੂ) ਦਾ ਕਹਿਣਾ ਹੈ ਕਿ ਜੇ ਭਾਜਪਾ ਬਿਹਾਰ ’ਚ ਅਾਪਣਾ ਮੁੱਖ ਮੰਤਰੀ ਬਣਾਉਂਦੀ ਹੈ ਤਾਂ ਸਪੀਕਰ ਦਾ ਅਹੁਦਾ ਸਾਨੂੰ ਦਿੱਤਾ ਜਾਣਾ ਚਾਹੀਦਾ ਹੈ। ਸਾਬਕਾ ਮੰਤਰੀ ਪ੍ਰੇਮ ਕੁਮਾਰ ਜੋ ਇਸ ਸਮੇ ਸਪੀਕਰ ਹਨ, ਭਾਜਪਾ ਦੀ ਟਿਕਟ 'ਤੇ ਚੁਣੇ ਗਏ ਸਨ। ਨਿਤੀਸ਼ ਦੇ ਮੁੱਖ ਮੰਤਰੀ ਵਜੋਂ ਦੋ ਦਹਾਕਿਆਂ ਦੇ ਕਾਰਜਕਾਲ ਦੌਰਾਨ ਸਪੀਕਰ ਦਾ ਅਹੁਦਾ ਭਾਜਪਾ ਕੋਲ ਰਿਹਾ ਹੈ।

ਹਾਲਾਂਕਿ, ਭਾਜਪਾ ਇਹ ਸੰਕੇਤ ਦੇ ਰਹੀ ਹੈ ਕਿ ਉਹ ਸਮਰਾਟ ਚੌਧਰੀ ਨੂੰ ਮੁੱਖ ਮੰਤਰੀ ਬਣਾਉਣ ਲਈ ਤਿਆਰ ਹੈ, ਪਰ ਸਪੀਕਰ ਬਦਲਣ ਦੀ ਮੰਗ ਮੰਨਣ ਲਈ ਤਿਆਰ ਨਹੀਂ। ਭਾਜਪਾ ਨਹੀਂ ਚਾਹੁੰਦੀ ਕਿ ਨਵੇਂ ਸਪੀਕਰ ਦੀ ਚੋਣ ਲਈ ਪ੍ਰਕਿਰਿਆ ਮੁੜ ਸ਼ੁਰੂ ਹੋਵੇ, ਕਿਉਂਕਿ ਪ੍ਰੇਮ ਕੁਮਾਰ ‘ਅੱਤ ਪਛੜਾ ਵਰਗ’ ਨਾਲ ਸਬੰਧਤ ਹਨ। ਹਾਲਾਂਕਿ, ਇਹ ਉਮੀਦ ਕੀਤੀ ਜਾਂਦੀ ਹੈ ਕਿ ਭਾਜਪਾ ਨਿਤੀਸ਼ ਕੁਮਾਰ ਦੀਆਂ ਇੱਛਾਵਾਂ ਦੇ ਵਿਰੁੱਧ ਨਹੀਂ ਜਾਵੇਗੀ, ਜਿਨ੍ਹਾਂ ਦਾ ਸਮਰਥਨ ਦਿੱਲੀ ’ਚ ਮੋਦੀ ਸਰਕਾਰ ਦੇ ਸੁਚਾਰੂ ਕੰਮਕਾਜ ਲਈ ਜ਼ਰੂਰੀ ਹੈ। ਜਨਤਾ ਦਲ (ਯੂ) ਦੇ ਲੋਕ ਸਭਾ ’ਚ ਵੀ ਵੱਡੀ ਗਿਣਤੀ ’ਚ ਮੈਂਬਰ ਹਨ।


author

Rakesh

Content Editor

Related News