UPI Payments ''ਤੇ ਵਾਧੂ ਚਾਰਜ ਦੇ ਫ਼ੈਸਲੇ ਬਾਰੇ ਵੱਡੀ ਅਪਡੇਟ! ਹੁਣ 15 ਅਕਤੂਬਰ ਤੋਂ ਨਹੀਂ ਸਗੋਂ...
Thursday, Oct 08, 2026 - 08:02 PM (IST)
ਬਿਜ਼ਨੈੱਸ ਡੈਸਕ: UPI ਰਾਹੀਂ ਭੁਗਤਾਨ ਕਰਨ ’ਤੇ ਲੱਗਣ ਵਾਲੇ ਚਾਰਜ ਬਾਰੇ ਫ਼ੈਸਲਾ ਫ਼ਿਲਹਾਲ ਟਲ਼ ਸਕਦਾ ਹੈ। ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਕੇਂਦਰ ਸਰਕਾਰ 15 ਅਕਤੂਬਰ ਤੋਂ 2 ਹਜ਼ਾਰ ਰੁਪਏ ਤੋਂ ਵੱਧ ਦੇ ਯੂ. ਪੀ. ਆਈ. ਭੁਗਤਾਨ ’ਤੇ 0.4 ਫੀਸਦੀ ਮਰਚੈਂਟ ਡਿਸਕਾਊਂਟ ਰੇਟ ਲਾਗੂ ਕਰਨ ਦੇ ਫ਼ੈਸਲੇ ਨੂੰ ਅੱਗੇ ਪਾਇਆ ਜਾ ਸਕਦਾ ਹੈ।
ਕੁਝ ਮੀਡੀਆ ਰਿਪੋਰਟਾਂ ਅਨੁਸਾਰ, ਤਿਉਹਾਰੀ ਸੀਜ਼ਨ ਦੌਰਾਨ ਲੋਕਾਂ ਵੱਲੋਂ ਕੀਤੀ ਜਾਣ ਵਾਲੀ ਖਰਦੀਦਦਾਰੀ ਨੂੰ ਮੁੱਖ ਰਖਦਿਆਂ, ਸਰਕਾਰ ਚਾਰਜ ਲਾਗੂ ਕਰਨ ਦੀ ਤਾਰੀਖ਼ ਅੱਗੇ ਪਾ ਸਕਦੀ ਹੈ। ਇਸ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਸਰਕਾਰ ਵੱਲੋਂ ਇਸ ਬਾਰੇ ਅਧਿਕਾਰਤ ਫ਼ੈਸਲਾ ਨਹੀਂ ਲਿਆ, ਪਰ ਇਹ ਕਿਹਾ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਅਗਲੇ ਕੁਝ ਦਿਨਾਂ ਵਿਚ ਅਜਿਹਾ ਫ਼ੈਸਲਾ ਆ ਸਕਦਾ ਹੈ। ਮੀਡੀਆ ਰਿਪੋਰਟਾਂ ਵਿਚ ਸੂਤਰਾਂ ਦੇ ਹਵਾਲੇ ਨਾਲ ਆਖ਼ਿਆ ਜਾ ਰਿਹਾ ਹੈ ਕਿ ਸਰਕਾਰ ਅਗਲੇ ਸਾਲ 1 ਜਨਵਰੀ ਤੋਂ ਇਹ ਨਵਾਂ ਨਿਯਮ ਲਾਗੂ ਕਰਨ ’ਤੇ ਵਿਚਾਰ ਕਰ ਰਹੀ ਹੈ, ਤਾਂ ਜੋ ਇਸ ਸਾਲ ਦੇ ਤਿਉਹਾਰੀ ਸੀਜ਼ਨ ਦੌਰਾਨ ਦੁਕਾਨਦਾਰਾਂ 'ਤੇ ਵਾਧੂ ਬੋਝ ਨਾ ਪਵੇ।
ਸ਼ੇਅਰ ਬਾਜ਼ਾਰ 'ਤੇ ਵੀ ਦਿਖ ਰਿਹੈ ਅਸਰ
ਇਸ ਖ਼ਬਰ ਦਾ ਅਸਰ ਸ਼ੇਅਰ ਬਾਜ਼ਾਰ ਵਿਚ ਸੂਚੀਬੱਧ ਫਿਨਟੈੱਕ ਕੰਪਨੀਆਂ ’ਤੇ ਵੀ ਨਜ਼ਰ ਆ ਰਿਹਾ ਹੈ। ਅੱਜ ਪੇਟੀਐੱਮ ਦਾ ਸ਼ੇਅਰ ਕਾਰੋਬਾਰ ਦੌਰਾਨ ਇਕ ਸਮੇਂ 10 ਫੀਸਦੀ ਤੱਕ ਡਿੱਗ ਕੇ 1,561 ਰੁਪਏ ਦੇ ਪੱਧਰ ’ਤੇ ਆ ਗਿਆ। ਹਾਲਾਂਕਿ ਬਾਜ਼ਾਰ ਬੰਦ ਹੋਣ ਤੱਕ ਕੁਝ ਸੁਧਾਰ ਹੋਇਆ ਅਤੇ ਸ਼ੇਅਰ 5.42 ਫੀਸਦੀ ਦੀ ਗਿਰਾਵਟ ਨਾਲ 1,640 ਰੁਪਏ ’ਤੇ ਬੰਦ ਹੋਇਆ। ਇਸੇ ਤਰ੍ਹਾਂ ਮੋਬੀਕਵਿਕ ਦਾ ਸ਼ੇਅਰ ਵੀ 8.43 ਫੀਸਦੀ ਡਿੱਗ ਕੇ 235 ਰੁਪਏ ਤੱਕ ਪਹੁੰਚ ਗਿਆ ਅਤੇ ਬਾਅਦ ਵਿਚ 4.57 ਫੀਸਦੀ ਦੀ ਗਿਰਾਵਟ ਨਾਲ 245 ਰੁਪਏ ’ਤੇ ਬੰਦ ਹੋਇਆ। ਪਾਈਨ ਲੈਬਜ਼ ਦਾ ਸ਼ੇਅਰ 169 ਰੁਪਏ ਦੇ ਹੇਠਲੇ ਪੱਧਰ ਨੂੰ ਛੂਹਣ ਤੋਂ ਬਾਅਦ 4.39 ਫੀਸਦੀ ਡਿੱਗ ਕੇ 170 ਰੁਪਏ ’ਤੇ ਬੰਦ ਹੋਇਆ। ਐੱਨਪੀਐੱਸਟੀ ਦਾ ਸ਼ੇਅਰ ਵੀ 3.39 ਫੀਸਦੀ ਡਿੱਗ ਕੇ 1,791.30 ਰੁਪਏ ’ਤੇ ਬੰਦ ਹੋਇਆ।
