ਨਿਤੀਸ਼ ਨੇ ਵਧਾਈ ਲਾਲੂ ਦੀ ਟੈਨਸ਼ਨ; ਫਿਰ NDA ’ਚ ਹੋ ਸਕਦੇ ਹਨ ਸ਼ਾਮਲ
Friday, Jan 26, 2024 - 02:27 PM (IST)
ਪਟਨਾ- ਲੋਕ ਸਭਾ ਚੋਣਾਂ-2024 ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦੇ ਗੱਠਜੋੜ ਨੂੰ ਇਕ ਤੋਂ ਬਾਅਦ ਇਕ ਝਟਕੇ ਲੱਗ ਰਹੇ ਹਨ। ਪਹਿਲਾਂ ਟੀ. ਐੱਮ. ਸੀ. ਸੁਪਰੀਮੋ ਮਮਤਾ ਬੈਨਰਜੀ ਨੇ ਬੰਗਾਲ ’ਚ ਇਕੱਲਿਆਂ ਚੋਣ ਲੜਨ ਦਾ ਐਲਾਨ ਕੀਤਾ। ਹੁਣ ‘ਇੰਡੀਆ’ ਗੱਠਜੋੜ ਬਣਾਉਣ ਵਾਲੇ ਨਿਤੀਸ਼ ਕੁਮਾਰ ਵੀ ਇਸ ਤੋਂ ਵੱਖ ਹੋ ਸਕਦੇ ਹਨ। ਸੂਤਰਾਂ ਮੁਤਾਬਕ ਨਿਤੀਸ਼ ਕੁਮਾਰ ਫਿਰ ਤੋਂ ਪਾਸਾ ਪਲਟ ਸਕਦੇ ਹਨ। ਉਸ ਦੇ ਮੁੜ ‘ਐੱਨ. ਡੀ. ਏ.’ ਵਿਚ ਜਾਣ ਦੀ ਪੂਰੀ ਸੰਭਾਵਨਾ ਹੈ। ਲਾਲੂ ਦੀ ਪਾਰਟੀ ਰਾਸ਼ਟਰੀ ਜਨਤਾ ਦਲ ਅਤੇ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ ਯੂਨਾਈਟਿਡ ਵਿਚਾਲੇ ਤਣਾਅ ਵਧਣ ਲੱਗਾ ਹੈ।
ਨਿਤੀਸ਼ ਕੁਮਾਰ ਨੇ ਪਰਿਵਾਰਵਾਦ ਦੀ ਆਲੋਚਨਾ ਕਰਦੇ ਹੋਏ ਅਸਿੱਧੇ ਤੌਰ ’ਤੇ ਲਾਲੂ ਪਰਿਵਾਰ ’ਤੇ ਨਿਸ਼ਾਨਾ ਲਾਇਆ ਸੀ। ਉਨ੍ਹਾਂ ਕਿਹਾ ਕਿ ਅੱਜਕੱਲ ਤਾਂ ਲੋਕ ਆਪਣੇ ਪਰਿਵਾਰ ਨੂੰ ਹੀ ਅੱਗੇ ਵਧਾਉਂਦੇ ਹਨ, ਪਰ ਕਰਪੂਰੀ ਜੀ ਨੇ ਅਜਿਹਾ ਕਦੇ ਨਹੀਂ ਕੀਤਾ। ਉਸ ਤੋਂ ਬਾਅਦ ਲਾਲੂ ਦੀ ਬੇਟੀ ਰੋਹਿਣੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਤੋਂ ਬਾਅਦ ਇਕ 3 ਪੋਸਟਾਂ ਕੀਤੀਆਂ, ਜਿਸ ਤੋਂ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਦੋਵਾਂ ਪਾਰਟੀਆਂ ਦੇ ਆਗੂਆਂ ਵਿਚਕਾਰ ਤਣਾਅ ਚੱਲ ਰਿਹਾ ਹੈ। ਰੋਹਿਣੀ ਨੇ ਲਿਖਿਆ ਕਿ ‘ਸਮਾਜਵਾਦੀ ਪੁਰੋਧਾ ਹੋਨੇ ਕਾ ਕਰਦਾ ਵਹੀ ਦਾਵਾ ਹੈ, ਹਵਾਓਂ ਦੀ ਤਰ੍ਹਾਂ ਜਿਸਦੀ ਬਦਲਦੀ ਵਿਚਾਰਧਾਰਾ ਹੈ।’ ਹੰਗਾਮਾ ਵਧਣ ’ਤੇ ਰੋਹਿਣੀ ਨੇ ਸਾਰੀਆਂ ਪੋਸਟਾਂ ਨੂੰ ਡਿਲੀਟ ਕਰ ਦਿੱਤਾ।
ਨਿਤੀਸ਼ ਨੇ ਰੱਦ ਕੀਤੇ ਸਾਰੇ ਪ੍ਰੋਗਰਾਮ
ਬਿਹਾਰ ’ਚ ਵਧੀ ਹੋਈ ਸਿਆਸੀ ਉਥਲ-ਪੁਥਲ ਦਰਮਿਆਨ ਨਿਤੀਸ਼ ਨੇ ਆਪਣੇ ਸਾਰੇ ਸਿਆਸੀ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਉਮੀਦ ਹੈ ਕਿ ਉਹ 2 ਦਿਨਾਂ ਦੇ ਅੰਦਰ ਆਪਣਾ ਫੈਸਲਾ ਸੁਣਾ ਦੇਣਗੇ।
ਲਾਲੂ ਤੇ ਕਾਂਗਰਸ ਮਨਾਉਣ ’ਚ ਲੱਗੀ
ਸੂਤਰਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਲਾਲੂ ਪ੍ਰਸਾਦ ਯਾਦਵ ਨਿਤੀਸ਼ ਕੁਮਾਰ ਨੂੰ ਪਾਸਾ ਪਲਟਣ ਤੋਂ ਰੋਕਣ ਲਈ ਸਰਗਰਮ ਹੋ ਗਏ ਹਨ। ਉਨ੍ਹਾਂ ਨੇ ਨਿਤੀਸ਼ ਕੁਮਾਰ ਨਾਲ ਫੋਨ ’ਤੇ ਗੱਲ ਕੀਤੀ ਹੈ ਉਥੇ, ਕਾਂਗਰਸ ਦੇ ਚੋਟੀ ਦੇ ਨੇਤਾ ਵੀ ਨਿਤੀਸ਼ ਕੁਮਾਰ ਨਾਲ ਸੰਪਰਕ ਕਰ ਰਹੇ ਹਨ।
ਭਾਜਪਾ ਨੇ ਸਾਰੇ ਵਿਧਾਇਕਾਂ ਨੂੰ ਪਟਨਾ ਬੁਲਾਇਆ
ਸੂਤਰਾਂ ਮੁਤਾਬਕ ਇਹ ਵੀ ਖ਼ਬਰ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਨਿਤੀਸ਼ ਕੁਮਾਰ ਦੀ ਵਾਪਸੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਜਿਹੇ ’ਚ ਬਿਹਾਰ ਵਿਧਾਨ ਸਭਾ ਨੂੰ ਭੰਗ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਭਾਜਪਾ ਨੇ ਆਪਣੇ ਸਾਰੇ ਵਿਧਾਇਕਾਂ ਨੂੰ ਪਟਨਾ ਬੁਲਾ ਲਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8