ਭਾਜਪਾ ਦਾ ਸਮਰਥਨ ਪੱਤਰ ਅਤੇ ਰਾਜਪਾਲ ਦਾ ਨਿਯੁਕਤੀ ਪੱਤਰ ਲੈ ਕੇ ਮੰਨੇ ਸੀ ਨਿਤੀਸ਼

Friday, Feb 09, 2024 - 12:34 PM (IST)

ਭਾਜਪਾ ਦਾ ਸਮਰਥਨ ਪੱਤਰ ਅਤੇ ਰਾਜਪਾਲ ਦਾ ਨਿਯੁਕਤੀ ਪੱਤਰ ਲੈ ਕੇ ਮੰਨੇ ਸੀ ਨਿਤੀਸ਼

ਨਵੀਂ ਦਿੱਲੀ- ਭਾਰਤੀ ਰਾਜਨੀਤੀ ਦੇ ਮਹਾਨ ‘ਪਲਟੂ ਰਾਮ’ ਨੇ ਲਗਭਗ 45 ਸਾਲ ਪਹਿਲਾਂ ਹਰਿਆਣਾ ’ਚ ਦੇਖੇ ਗਏ ‘ਆਇਆ ਰਾਮ-ਗਿਆ ਰਾਮ’ ਦੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਜਦੋਂ ਵਿਚੋਲੇ ਇਕ ਵਾਰ ਫਿਰ ਗੱਠਜੋੜ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਭਾਜਪਾ ਲੀਡਰਸ਼ਿਪ ਵਿਚਾਲੇ ਸਮਝੌਤਾ ਕਰਵਾ ਰਹੇ ਸਨ ਤਾਂ ਇਕ ਰੁਕਾਵਟ ਸੀ। ਸਵੇਰੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਤੁਰੰਤ ਬਾਅਦ, ਨਿਤੀਸ਼ ਕੁਮਾਰ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਤੋਂ ਨਵਾਂ ਨਿਯੁਕਤੀ ਪੱਤਰ ਚਾਹੁੰਦੇ ਸਨ। ਉਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਅਸਤੀਫਾ ਤੁਰੰਤ ਪ੍ਰਵਾਨ ਕੀਤਾ ਜਾਵੇ ਅਤੇ ਨਾਲ ਹੀ ਭਾਜਪਾ ਉਨ੍ਹਾਂ ਨੂੰ ਆਪਣਾ ਸਮਰਥਨ ਪੱਤਰ ਰਾਜਪਾਲ ਨੂੰ ਸੌਂਪ ਦੇਵੇ।

ਨਿਤੀਸ਼ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਸਹੁੰ ਚੁੱਕ ਸਮਾਗਮ ਵੀ ਉਸੇ ਦਿਨ ਹੀ ਆਯੋਜਿਤ ਕੀਤਾ ਜਾਵੇ। ਇਹ ਭਾਜਪਾ ਲਈ ਇਕ ਕਸੂਤੀ ਸਥਿਤੀ ਸੀ, ਕਿਉਂਕਿ ਉਸ ਦੇ ਵਿਧਾਇਕਾਂ ਨੇ ਨਿਤੀਸ਼ ਕੁਮਾਰ ਨੂੰ ਆਪਣਾ ਸਮਰਥਨ ਦੇਣ ਲਈ ਕੋਈ ਮੀਟਿੰਗ ਨਹੀਂ ਕੀਤੀ ਸੀ ਪਰ ਇਹ ਸਭ ਰਸਮੀ ਕਾਰਵਾਈਆਂ ਪੂਰੀਆਂ ਕਰਨ ਲਈ ਕੀਤਾ ਗਿਆ। ਨਿਤੀਸ਼ ਕੁਮਾਰ ਸੁਭਾਅ ਤੋਂ ਬਹੁਤ ਸ਼ੱਕੀ ਹਨ ਅਤੇ ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸ਼ਰਤਾਂ ਪੂਰੀਆਂ ਹੋਣ ’ਤੇ ਸਮਝੌਤਾ ਹੋ ਸਕਦਾ ਹੈ।

ਭਾਜਪਾ ਇਸ ਸ਼ਰਤ ਨਾਲ ਸਾਰੀਆਂ ਸ਼ਰਤਾਂ ਲਈ ਸਹਿਮਤ ਹੋਈ ਕਿ ਲੋਕ ਸਭਾ ਸੀਟ ਵੰਡ ਸਮਝੌਤਾ ਯੋਗਤਾ ਦੇ ਆਧਾਰ ’ਤੇ ਹੋਵੇਗਾ ਨਾ ਕਿ 2019 ਦੇ ਨਤੀਜਿਆਂ ਦੇ ਆਧਾਰ ’ਤੇ। ਪਰਦੇ ਦੇ ਪਿੱਛੇ ਇਸ ਗੁੰਝਲਦਾਰ ਸੌਦੇਬਾਜ਼ੀ ਤੋਂ ਬਾਅਦ ਹੀ, ਭਾਜਪਾ ਨਿਤੀਸ਼ ਕੁਮਾਰ ਨਾਲ ਸੱਤਾ ’ਚ ਵਾਪਸ ਆ ਸਕੀ।

ਦਿਲਚਸਪ ਗੱਲ ਇਹ ਹੈ ਕਿ ਨਿਤੀਸ਼ ਕੁਮਾਰ ਨੂੰ ਬਿਹਾਰ ’ਚ ਐੱਨ. ਡੀ. ਏ. ਦਾ ਮੁਖੀ ਵੀ ਨਿਯੁਕਤ ਕੀਤਾ ਗਿਆ ਹੈ। ਬੀਤੇ ਦਿਨ ਪੀ. ਐੱਮ. ਮੋਦੀ ਅਤੇ ਭਾਜਪਾ ਦੇ ਹੋਰ ਨੇਤਾਵਾਂ ਨਾਲ ਉਨ੍ਹਾਂ ਦੀ ਬੈਠਕ ’ਚ ਕਈ ਪੈਂਡਿੰਗ ਮੁੱਦੇ ਸੁਲਝ ਗਏ ਹੋਣਗੇ।


author

Rakesh

Content Editor

Related News