ਚੋਣਾਂ ਤੋਂ ਪਹਿਲਾਂ ਯੋਜਨਾਵਾਂ ਦੇ ਉਦਘਾਟਨ ’ਤੇ ਬੋਲੇ ਨਿਤਿਨ ਗਡਕਰੀ : ਅਸੀਂ ਕੋਈ ਸਾਧੂ-ਸੰਤ ਨਹੀਂ, ਰਾਜਨੀਤਕ ਪਾਰਟੀ

Friday, Jan 07, 2022 - 01:26 PM (IST)

ਨਵੀਂ ਦਿੱਲੀ- ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਤੇ ਕੇਂਦਰੀ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਹੋਈ ਅਣਗਹਿਲੀ ਲਈ ਸੂਬੇ ਦੀ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਭਾਰਤੀ ਲੋਕਤੰਤਰ ਦੇ ਇਤਿਹਾਸ ’ਚ ਅਜਿਹਾ ਕਦੇ ਨਹੀਂ ਹੋਇਆ। ਕੇਂਦਰੀ ਮੰਤਰੀ ਨਾਲ ਅਗਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਕਈ ਹੋਰ ਮੁੱਦਿਆਂ ’ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਬੜੀ ਬੇਬਾਕੀ ਨਾਲ ਜਵਾਬ ਦਿੱਤੇ। ਉਨ੍ਹਾਂ ਨੂੰ ਗੱਲਬਾਤ ਦੇ ਮੁੱਖ ਅੰਸ਼ :

ਪ੍ਰ. : ਪੰਜਾਬ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਅਣਗਹਿਲੀ ਨੂੰ ਤੁਸੀਂ ਕਿੰਨਾ ਗੰਭੀਰ ਮੰਨਦੇ ਹੋ?
ਉ. : ਪੰਜਾਬ ਦੀ ਘਟਨਾ ਬਹੁਤ ਮੰਦਭਾਗੀ ਹੈ। ਲੋਕਤੰਤਰ ’ਚ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਅਹੁਦੇ ਨੂੰ ਲੈ ਕੇ ਇਕ ਪ੍ਰੰਪਰਾ ਰਹੀ ਹੈ ਕਿ ਸਾਰੇ ਉਨ੍ਹਾਂ ਦਾ ਸਨਮਾਨ ਕਰਦੇ ਹਨ। ਰਾਜਨੀਤੀ ’ਚ ਮਤਭੇਦ ਹੋ ਸਕਦੇ ਹਨ ਪਰ ਦੇਸ਼ ’ਚ ਇਸ ਤਰ੍ਹਾਂ ਦੀ ਰਾਜਨੀਤੀ ਅੱਜ ਤੱਕ ਨਹੀਂ ਹੋਈ। ਭਾਰਤੀ ਲੋਕਤੰਤਰ ਦੇ ਇਤਿਹਾਸ ’ਚ ਅੱਜ ਤੱਕ ਅਜਿਹਾ ਨਹੀਂ ਹੋਇਆ ਕਿ ਸੂਬਾ ਸਰਕਾਰ ਵੱਲੋਂ ਸੁਰੱਖਿਆ ਨਾ ਦਿੱਤੇ ਜਾਣ ਕਾਰਨ ਪ੍ਰਧਾਨ ਮੰਤਰੀ ਆਪਣਾ ਪ੍ਰੋਗਰਾਮ ਨਾ ਕਰ ਸਕੇ ਹੋਣ। ਇਹ ਘਟਨਾ ਦੁਖਦ ਤੇ ਮੰਦਭਾਗੀ ਹੈ, ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ।

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਨੇ ਵਧਾਈ ਚਿੰਤਾ, ਪਿਛਲੇ 24 ਘੰਟਿਆਂ 'ਚ ਇਕ ਲੱਖ ਤੋਂ ਵਧ ਮਾਮਲੇ ਆਏ ਸਾਹਮਣੇ

ਪ੍ਰ. : ਕਾਂਗਰਸ ਤਾਂ ਇਸ ਨੂੰ ਅਣਗਹਿਲੀ ਹੀ ਨਹੀਂ ਮੰਨ ਰਹੀ।
ਉ. : ਇਹ ਤਾਂ ਦੁਨੀਆ ਜਾਣਦੀ ਹੈ ਕਿ ਰਸਤੇ ’ਚ ਰੋਕਣ ਕਾਰਨ ਪ੍ਰਧਾਨ ਮੰਤਰੀ ਅੱਗੇ ਨਹੀਂ ਜਾ ਸਕੇ। ਉਨ੍ਹਾਂ ਨੂੰ ਪੁਲ ’ਤੇ ਰੁਕਣਾ ਪਿਆ । ਉੱਥੇ ਪੀ. ਐੱਮ. ਨੂੰ ਸੁਰੱਖਿਆ ਦੇਣ ਤੇ ਕਾਨੂੰਨ ਵਿਵਸਥਾ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਸੀ। ਉਨ੍ਹਾਂ ਨੇ ਲੋਕਾਂ ਨੂੰ ਰੋਡ ’ਤੇ ਬੈਠਣ ਕਿਉਂ ਦਿੱਤਾ? ਸਾਫ਼-ਸਾਫ਼ ਦਿਸ ਰਿਹਾ ਹੈ ਕਿ ਸੜਕ ਰੋਕਣ ਵਾਲੇ ਲੋਕਾਂ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਦਾ ਸਹਿਯੋਗ ਹਾਸਲ ਸੀ।

ਪ੍ਰ. : ਉੱਤਰ ਪ੍ਰਦੇਸ਼ ਦੀ ਜਨਤਾ ਨੂੰ ਕੀ ਸੌਗਾਤ ਦੇ ਚੁੱਕੇ ਹੋ ਤੇ ਭਵਿੱਖ ਸਬੰਧੀ ਕੀ ਯੋਜਨਾਵਾਂ ਹਨ?
ਉ. : ਹੁਣ ਤੱਕ ਉੱਤਰ ਪ੍ਰਦੇਸ਼ ’ਚ ਅਸੀਂ 1 ਲੱਖ 80 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਖਰਚ ਕਰ ਕੇ ਸਾਢੇ 4 ਹਜ਼ਾਰ ਕਿਲੋਮੀਟਰ ਸੜਕਾਂ ਦੇ ਕੰਮ ਪੂਰੇ ਕਰ ਚੁੱਕੇ ਹਾਂ। ਅਸੀਂ ਆਉਣ ਵਾਲੇ 5 ਸਾਲਾਂ ’ਚ ਯੂ. ਪੀ. ’ਚ ਅਮਰੀਕਾ ਵਰਗਾ ਇਨਫ੍ਰਾਸਟਰੱਕਚਰ ਬਣਾ ਦੇਵਾਂਗੇ। ਅਸੀਂ ਦਿੱਲੀ ਤੋਂ ਲਖਨਊ ਜਲਦੀ ਪੁੱਜਣ ਲਈ ਗਾਜ਼ੀਆਬਾਦ ਹੁੰਦੇ ਹੋਏ ਨਵਾਂ ਹਾਈਵੇ ਬਣਾ ਰਹੇ ਹਾਂ, ਜਿਸ ਦਾ ਭੂਮੀ ਪੂਜਨ ਕਰਾਂਗੇ। ਇਸ ਹਾਈਵੇ ਤੋਂ 40 ਮਿੰਟ ’ਚ ਕਾਨਪੁਰ ਤੋਂ ਲਖਨਊ ਏਅਰਪੋਰਟ ਪਹੁੰਚ ਜਾਵਾਂਗੇ। ਵਾਰਾਣਸੀ ਤੋਂ ਕੋਲਕਾਤਾ ਲਈ ਸਿੱਧਾ ਹਾਈਵੇ ਬਣਾ ਰਹੇ ਹਾਂ ਜੋ ਗ੍ਰੀਨ ਐਕਸਪ੍ਰੈੱਸਵੇ ਹਾਈਵੇ ਹੋਵੇਗਾ। ਯੂ. ਪੀ. ’ਚ ਜਲਮਾਰਗ ਤੇ ਹਾਈਵੇ ਕਾਰਨ ਹੀ ਇੰਡਸਟਰੀ ਆਵੇਗੀ ਤੇ ਨਿਵੇਸ਼ ਵਧੇਗਾ, ਜਿਸ ਨਾਲ ਰੋਜ਼ਗਾਰ ਪੈਦਾ ਹੋਵੇਗਾ।

ਇਹ ਵੀ ਪੜ੍ਹੋ : ਸ਼ੁੱਭ ਮਹੂਰਤ ਦੇ ਨਾਂ ’ਤੇ 11 ਸਾਲ ਤੱਕ ਪਤਨੀ ਨਹੀਂ ਗਈ ਸਹੁਰੇ, ਹਾਈ ਕੋਰਟ ਨੇ ਕਿਹਾ- ਪਤੀ ਤਲਾਕ ਦਾ ਹੱਕਦਾਰ

ਪ੍ਰ. : ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਤਾਂ ਭਾਜਪਾ ਸਰਕਾਰ ਨੂੰ ਕੈਂਚੀਜੀਵੀ ਦੱਸਦੇ ਹਨ। ਉਹ ਕਹਿ ਰਹੇ ਹਨ ਕਿ ਕੰਮ ਉਨ੍ਹਾਂ ਨੇ ਸ਼ੁਰੂ ਕੀਤਾ ਸੀ , ਤੁਸੀਂ ਲੋਕ ਤਾਂ ਜਾ ਕੇ ਸਿਰਫ ਫ਼ੀਤਾ ਕੱਟ ਰਹੇ ਹੋ?
ਉ. : ਸਭ ਰਿਕਾਰਡ ’ਤੇ ਹੈ। ਅਸੀਂ ਹੀ ਇਹ ਪਰਿਯੋਜਨਾਵਾਂ ਸ਼ੁਰੂ ਕੀਤੀਆਂ ਸਨ ਤੇ ਅਸੀਂ ਹੀ ਉਦਘਾਟਨ ਕਰ ਰਹੇ ਹਾਂ। ਹੁਣ ਚੋਣਾਂ ਦਾ ਸਮਾਂ ਹੈ ਤੇ ਉਹ ਵਿਰੋਧੀ ਧਿਰ ’ਚ ਹਨ। ਇਸ ਲਈ ਉਨ੍ਹਾਂ ਨੇ ਕੁਝ ਤਾਂ ਬੋਲਣਾ ਹੀ ਹੈ ਤੇ ਉਹ ਬੋਲ ਰਹੇ ਹਨ । ਉਹ ਜੋ ਵੀ ਕਹਿਣ ਪਰ ਮੈਂ ਕਹਿ ਸਕਦਾ ਹਾਂ ਕਿ ਅਸੀਂ 2022 ’ਚ ਯੂ. ਪੀ. ’ਚ ਤੇ 2024 ’ਚ ਕੇਂਦਰ ’ਚ ਵੀ ਸਰਕਾਰ ਬਣਾਵਾਂਗੇ। ਉਂਝ ਅਸੀਂ ਕੋਈ ਸਾਧੂ-ਸੰਤ ਨਹੀਂ, ਇਕ ਰਾਜਨੀਤਕ ਪਾਰਟੀ ਹਾਂ।

ਪ੍ਰ. : ਉੱਤਰਾਖੰਡ ’ਚ ਭਾਜਪਾ 3 ਮੁੱਖ ਮੰਤਰੀ ਬਦਲ ਚੁੱਕੀ ਹੈ, ਅਜਿਹੇ ’ਚ ਉੱਥੇ ਜਿੱਤਣ ਦੀ ਕਿੰਨੀ ਸੰਭਾਵਨਾ ਹੈ?
ਉ. : ਉੱਤਰਾਖੰਡ ’ਚ ਵੀ ਭਾਜਪਾ ਦੇ ਪੱਖ ’ਚ ਹਵਾ ਹੈ। ਮੈਂ ਉੱਥੇ 12 ਹਜ਼ਾਰ ਕਰੋਡ਼ ਰੁਪਏ ਦਾ ਚਾਰਧਾਮ ਦਾ ਪ੍ਰਾਜੈਕਟ ਕਰ ਰਿਹਾ ਹਾਂ। ਪਿਥੌਰਾਗੜ੍ਹ ਤੋਂ ਮਾਨਸਰੋਵਰ ਦੀ ਸੜਕ ਬਣ ਰਹੀ ਹੈ। ਮੋਦੀ ਜੀ ਦੇ ਅਗਵਾਈ ’ਚ ਸੂਬੇ ’ਚ ਏਮਸ ਬਣਿਆ ਹੈ। ਗੰਗਾ ਸ਼ੁੱਧ ਤੇ ਲਗਾਤਾਰ ਹੋਰ ਨਿਰਮਲ ਹੋਈ ਹੈ। ਜਨਤਾ ਸਾਡੇ ਕੰਮ ਤੋਂ ਖੁਸ਼ ਹੈ ਤੇ ਇਸ ਦਾ ਫਾਇਦਾ ਚੋਣਾਂ ’ਚ ਸਾਨੂੰ ਨਿਸ਼ਚਿਤ ਰੂਪ ਤੋਂ ਮਿਲੇਗਾ। ਉੱਤਰਾਖੰਡ ’ਚ ਫਿਰ ਤੋਂ ਸਾਡੀ ਸਰਕਾਰ ਆਵੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News