ਨਿਰਭਯਾ ਕੇਸ : ਦੋਸ਼ੀ ਵਿਨੇ ਦੀ ਮਾਂ ਦੀ ਅੰਤਿਮ ਇੱਛਾ- ਬੇਟੇ ਨੂੰ ਪੂੜੀ, ਸਬਜ਼ੀ ਖੁਆਉਣ ਦਿਓ
Thursday, Mar 19, 2020 - 03:21 PM (IST)
ਨਵੀਂ ਦਿੱਲੀ— ਨਿਰਭਯਾ ਦੇ ਇਕ ਦੋਸ਼ੀ ਵਿਨੇ ਸ਼ਰਮਾ ਦੀ ਮਾਂ ਉਸ ਨੂੰ ਉਸ ਦੀ ਮਨਪਸੰਦ ਪੂੜੀ, ਸਬਜ਼ੀ, ਕਚੌੜੀ ਖੁਆਉਣਾ ਚਾਹੁੰਦੀ ਹੈ। ਇਸ ਔਰਤ ਦਾ ਬੇਟਾ ਵਿਨੇ ਸ਼ਰਮਾ ਉਨ੍ਹਾਂ ਚਾਰੇ ਦੋਸ਼ੀਆਂ 'ਚੋਂ ਇਕ ਹੈ, ਜਿਨ੍ਹਾਂ ਨੂੰ ਸ਼ੁੱਕਰਵਾਰ ਨੂੰ ਸਵੇਰੇ 5.30 ਵਜੇ ਤਿਹਾੜ ਜੇਲ 'ਚ ਫਾਂਸੀ ਦਿੱਤੀ ਜਾਣੀ ਹੈ। 7 ਸਾਲ, ਤਿੰਨ ਮਹੀਨੇ ਪਹਿਲਾਂ 16 ਦਸੰਬਰ 2012 ਦੀ ਰਾਤ ਇਕ ਕੁੜੀ ਨਾਲ ਰੇਪ ਅਤੇ ਉਸ ਦੇ ਕਤਲ ਦੇ ਜ਼ੁਰਮ 'ਚ ਉਨ੍ਹਾਂ ਨੂੰ ਇਹ ਸਜ਼ਾ ਦਿੱਤੀ ਗਈ। ਇਸ ਕੁੜੀ ਨੂੰ ਦੁਨੀਆ ਭਰ 'ਚ 'ਨਿਰਭਯਾ' ਦੇ ਨਾਂ ਨਾਲ ਪਛਾਣਿਆ ਗਿਆ।
ਜੱਲਾਦ ਨੇ ਕੀਤੀ ਫਾਂਸੀ ਦੇਣ ਦਾ ਕੀਤਾ ਪ੍ਰੀਖਣ
ਜੱਲਾਦ ਨੇ ਬੁੱਧਵਾਰ ਨੂੰ ਫਾਂਸੀ ਦੇਣ ਦਾ ਪ੍ਰੀਖਣ ਕੀਤਾ ਅਤੇ ਫਾਂਸੀ ਦੇਣ ਦੀ ਤਿਆਰੀ ਪੂਰੀ ਹੈ। ਆਪਣਾ ਨਾਂ ਦੱਸਣ ਤੋਂ ਇਨਕਾਰ ਕਰਨ ਵਾਲੀ ਅਤੇ ਸਿਰਫ਼ 'ਵਿਨੇ ਸ਼ਰਮਾ ਦੀ ਮਾਂ' ਦੇ ਨਾਂ ਨਾਲ ਪਛਾਣਨ ਦੀ ਇੱਛਾ ਰੱਖਣ ਵਾਲੀ ਔਰਤ ਹੋਰ ਨਿਰਾਸ਼ ਹੋ ਗਈ ਹੈ।
ਮੈਂ ਵਿਨੇ ਦੀ ਮਾਂ ਹਾਂ
ਔਰਤ ਨੇ ਦੱਖਣੀ ਦਿੱਲੀ ਦੇ ਰਵਿਦਾਸ ਕੈਂਪ 'ਚ ਆਪਣੇ ਘਰ ਦੇ ਬਾਹਰ ਕਿਹਾ,''ਤੁਸੀਂ ਕੌਣ ਹੋ? ਕੀ ਚਾਹੁੰਦੇ ਹੋ? ਅੰਦਰ ਕੋਈ ਵੀ ਨਹੀਂ ਹੈ। ਮੇਰੇ ਪਤੀ ਕੰਮ 'ਤੇ ਗਏ ਹਨ। ਮੈਂ ਵਿਨੇ ਦੀ ਮਾਂ ਹਾਂ।'' ਭੀੜੀਆਂ ਗਲੀਆਂ, ਖਸਤਾ ਝੁੱਗੀਆਂ ਅਤੇ ਖੁੱਲ੍ਹੇ ਸੀਵਰ ਦਰਮਿਆਨ ਇਹ ਮਲਿਨ ਕਾਲੋਨੀ ਅਪਰਾਧ ਦੇ 6 ਦੋਸ਼ੀਆਂ 'ਚੋਂ ਚਾਰ ਦਾ ਘਰ ਹੈ ਅਤੇ ਇਨ੍ਹਾਂ ਤੰਗ ਗਲੀਆਂ 'ਚ ਕਿਤੇ ਅੰਦਰ ਜਾ ਕੇ ਵਿਨੇ ਸ਼ਰਮਾ ਦਾ ਘਰ ਹੈ। ਘਰ ਦੀ ਨੇਮ ਪਲੇਟ 'ਤੇ ਹਰੀ ਰਾਮ ਸ਼ਰਮਾ ਦਾ ਨਾਂ ਲਿਖਿਆ ਹੈ ਅਤੇ ਬਾਹਰ 50 ਸਾਲ ਪਰ ਆਪਣੀ ਉਮਰ ਤੋਂ ਕਿਤੇ ਵਧ ਬੁੱਢੀ ਦਿੱਸ ਰਹੀ ਔਰਤ ਕੱਪੜੇ ਧੋ ਰਹੀ ਹੈ।
ਜੋ ਭਗਵਾਨ ਚਾਹੇਗਾ, ਉਹੀ ਹੋਵੇਗਾ
ਔਰਤ ਨੇ ਗੁੱਸੇ 'ਚ ਕਿਹਾ,''ਕੀ ਲਿਖੋਗੇ ਤੁਸੀਂ? ਕੁਝ ਹੁੰਦਾ ਹੈ ਤੁਹਾਡੇ ਲਿੱਖਣ ਨਾਲ। ਕੀ ਹਾਲੇ ਤੱਕ ਤੁਹਾਡੇ ਲਿੱਖਣ ਨਾਲ ਕੁਝ ਹੋਇਆ? ਜੇਕਰ ਭਗਵਾਨ ਚਾਹੇਗਾ ਤਾਂ ਉਹ ਬਚ ਜਾਵੇਗਾ।'' ਉਸ ਨੇ ਕਿਹਾ,''ਸਭ ਭਗਵਾਨ ਦੀ ਮਰਜ਼ੀ ਹੈ। ਕੋਰੋਨਾ ਵਾਇਰਸ ਨੂੰ ਦੇਖੋ। ਭਗਵਾਨ ਹੋ ਜੋ ਹਰ ਚੀਜ਼ ਤੈਅ ਕਰਦਾ ਹੈ ਕਿ ਕੌਣ ਜੀਵੇਗਾ ਅਤੇ ਕੌਣ ਮਰੇਗਾ। ਇਨਸਾਨ ਦੇ ਵਸ ਦੀ ਗੱਲ ਨਹੀਂ ਹੈ।'' ਔਰਤ ਨੇ ਕਿਹਾ,''ਤਿਹਾੜ 'ਚ ਜੇਲ ਕਰਮਚਾਰੀ ਮਨਜ਼ੂਰੀ ਦੇਣਗੇ ਤਾਂ ਮੈਂ ਵਿਨੇ ਲਈ ਕੁਝ ਪੂੜੀ, ਸਬਜ਼ੀ ਅਤੇ ਕਚੌੜੀ ਲਿਜਾਉਣਾ ਚਾਹਾਂਗੀ।''
20 ਮਾਰਚ ਯਾਨੀ ਕੱਲ ਹੋਣੀ ਹੈ ਫਾਂਸੀ
ਦੱਸਣਯੋਗ ਹੈ ਕਿ 26 ਸਾਲਾ ਵਿਨੇ ਨੂੰ ਮੁਕੇਸ਼ ਸਿੰਘ (32), ਪਵਨ ਗੁਪਤਾ (25) ਅਤੇ ਅਕਸ਼ੈ ਕੁਮਾਰ ਸਿੰਘ (31) ਨਾਲ ਫਾਂਸੀ ਦਿੱਤੀ ਜਾਵੇਗੀ। ਇਸ ਸਾਲ 5 ਮਾਰਚ ਹੇਠਲੀ ਕੋਰਟ ਨੇ 20 ਮਾਰਚ ਲਈ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਸੀ। ਰਾਮ ਸਿੰਘ ਅਤੇ ਮੁਕੇਸ਼ ਸਿੰਘ ਦੀ ਵਿਧਵਾ ਮਾਂ ਇਲਾਕੇ ਤੋਂ ਚੱਲੀ ਗਈ, ਜਦੋਂ ਕਿ ਵਿਨੇ ਸ਼ਰਮਾ ਅਤੇ ਪਵਨ ਗੁਪਤਾ ਦਾ ਪਰਿਵਾਰ ਹਾਲੇ ਵੀ ਇੱਥੇ ਰਹਿੰਦਾ ਹੈ। ਪਵਨ ਗੁਪਤਾ ਦੇ ਪਰਿਵਾਰ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।