ਨਿਰਭਿਆ ਗੈਂਗਰੇਪ ਦੇ ਦੋਸ਼ੀ ਨੇ ਰਾਸ਼ਟਰਪਤੀ ਦੇ ਸਾਹਮਣੇ ਦਾਇਰ ਕੀਤੀ ਦਯਾ ਪਟੀਸ਼ਨ

11/08/2019 5:24:50 PM

ਨਵੀਂ ਦਿੱਲੀ— ਦਿੱਲੀ 'ਚ ਹੋਏ 'ਨਿਰਭਿਆ' ਸਮੂਹਕ ਬਲਾਤਕਾਰ ਅਤੇ ਕਤਲ ਦੇ ਇਕ ਦੋਸ਼ੀ ਵਿਨੇ ਸ਼ਰਮਾ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸਾਹਮਣੇ ਦਯਾ ਪਟੀਸ਼ਨ ਦਾਇਰ ਕੀਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਵਿਨੇ ਸ਼ਰਮਾ ਇਸ ਸਮੇਂ ਤਿਹਾੜ ਜੇਲ 'ਚ ਕੈਦ ਹੈ। ਉਹ 16-17 ਦਸੰਬਰ 2012 ਦੀ ਦਰਮਿਆਨੀ ਰਾਤ ਨੂੰ ਦੱਖਣੀ ਦਿੱਲੀ 'ਚ ਚੱਲਦੀ ਬੱਸ 'ਚ 23 ਸਾਲਾ ਪੈਰਾਮੈਡੀਕਲ ਵਿਦਿਆਰਥਣ ਨਾਲ ਸਮੂਹਕ ਬਲਾਤਕਾਰ ਅਤੇ ਕਤਲ ਕਰਨ ਦਾ ਦੋਸ਼ੀ ਹੈ। ਇਸ ਅਪਰਾਧ ਨੂੰ ਇਕ ਨਾਬਾਲਗ ਸਮੇਤ 6 ਲੋਕਾਂ ਨੇ ਅੰਜਾਮ ਦਿੱਤਾ ਸੀ ਅਤੇ ਪੀੜਤਾ ਨੂੰ ਸੜਕ ਦੇ ਕਿਨਾਰੇ ਸੁੱਟ ਦਿੱਤਾ ਸੀ। ਦਿੱਲੀ ਜੇਲ ਦੇ ਸੀਨੀਅਰ ਅਧਿਕਾਰੀ ਨੇ ਕਿਹਾ,''ਸ਼ਰਮਾ ਨੇ ਦਯਾ ਪਟੀਸ਼ਨ ਦਾਇਰ ਕੀਤੀ ਹੈ, ਜਦੋਂ ਕਿ ਇਸੇ ਮਾਮਲੇ 'ਚ ਦੋਸ਼ੀ ਮੁਕੇਸ਼ ਅਤੇ ਹੋਰ ਨੇ ਦਯਾ ਪਟੀਸ਼ਨ ਦਾਇਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।''

ਦੱਸਣਯੋਗ ਹੈ ਕਿ ਜੇਲ ਸੁਪਰਡੈਂਟ ਨੇ 29 ਅਕਤੂਬਰ ਨੂੰ ਚਾਰ ਦੋਸ਼ੀਆਂ ਨੂੰ ਨੋਟਿਸ ਜਾਰੀ ਕਰ ਕੇ ਕਿਹਾ ਸੀ ਕਿ ਇਸ ਨੋਟਿਸ ਦਾ ਕਾਪੀ ਮਿਲਣ ਤੋਂ ਬਾਅਦ ਸਿਰਫ 7 ਦਿਨ ਦਯਾ ਪਟੀਸ਼ਨ ਕਰਨ ਲਈ ਹਨ। ਸੂਤਰਾਂ ਨੇ ਦੱਸਿਆ ਕਿ ਜੇਕਰ ਦਯਾ ਪਟੀਸ਼ਨ ਨਹੀਂ ਦਿੱਤੀ ਜਾਂਦੀ ਹੈ ਤਾਂ ਜੇਲ ਪ੍ਰਸ਼ਾਸਨ 'ਡੈਥ ਵਾਰੰਟ' ਜਾਰੀ ਕਰਵਾਉਣ ਲਈ ਕੋਰਟ ਨਾਲ ਸੰਪਰਕ ਕਰ ਸਕਦਾ ਹੈ।

ਦੱਸਣਯੋਗ ਹੈ ਕਿ ਨਿਰਭਿਆ ਦੀ ਮੌਤ 29 ਦਸੰਬਰ 2012 ਨੂੰ ਸਿੰਗਾਪੁਰ ਸਥਿਤ ਮਾਊਂਟ ਏਲਿਜਾਬੇਥ ਹਸਪਤਾਲ 'ਚ ਇਲਾਜ ਦੌਰਾਨ ਹੋ ਗਈ ਸੀ। ਮਾਮਲੇ 'ਚ ਇਕ ਦੋਸ਼ੀ ਰਾਮ ਸਿੰਘ ਨੇ ਜੇਲ 'ਚ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ ਸੀ, ਜਦੋਂ ਕਿ ਇਕ ਹੋਰ ਦੋਸ਼ੀ ਨਾਬਾਲਗ ਸੀ ਅਤੇ ਕਤਲ ਤੇ ਰੇਪ ਦੇ ਮਾਮਲੇ 'ਚ ਤਿੰਨ ਸਾਲ ਤੱਕ ਸੁਧਾਰ ਗ੍ਰਹਿ 'ਚ ਰਹਿਣ ਦੀ ਸਜ਼ਾ ਕੱਟ ਚੁਕਿਆ ਹੈ। ਤਿਨ ਦੋਸ਼ੀ ਇਸ ਸਮੇਂ ਤਿਹਾੜ ਜੇਲ 'ਚ ਕੈਦ ਹਨ, ਜਦੋਂ ਕਿ ਇਕ ਦੋਸ਼ੀ ਮੰਡੋਲੀ ਜੇਲ 'ਚ ਹੈ। ਸੁਪਰੀਮ ਕੋਰਟ ਨੇ ਪਿਛਲੇ ਸਾਲ 9 ਜੁਲਾਈ ਨੂੰ ਤਿੰਨ ਦੋਸ਼ੀਆਂ ਮੁਕੇਸ਼, ਪਵਨ ਗੁਪਤਾ ਅਤੇ ਸ਼ਰਮਾ ਦੀ 2017 'ਚ ਸੁਣਾਈ ਗਈ ਫਾਂਸੀ ਦੀ ਸਜ਼ਾ ਵਿਰੁੱਧ ਦਾਖਲ ਮੁੜ ਵਿਚਾਰ ਪਟੀਸ਼ਨ ਖਾਰਜ ਕਰ ਦਿੱਤੀ ਸੀ। ਨਾਲ ਹੀ ਦਿੱਲੀ ਅਤੇ ਹੇਠਲੀ ਅਦਾਲਤ ਵਲੋਂ ਮਿਲੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਮਾਮਲੇ 'ਚ ਦੋਸ਼ੀ ਚੌਥੇ ਦੋਸ਼ੀ ਅਕਸ਼ੈ ਕੁਮਾਰ ਸਿੰਘ ਨੇ ਸੁਪਰੀਮ ਕੋਰਟ 'ਚ ਮੁੜ ਵਿਚਾਰ ਪਟੀਸ਼ਨ ਦਾਖਲ ਨਹੀਂ ਕੀਤੀ ਸੀ।


DIsha

Content Editor

Related News