ਨਿਰਭਯਾ ਕੇਸ : ਫਾਂਸੀ ਦੀ ਤਰੀਕ ਲਈ ਪਟਿਆਲਾ ਹਾਊਸ ਕੋਰਟ ਜਾਣਗੇ ਤਿਹਾੜ ਜੇਲ ਦੇ ਅਧਿਕਾਰੀ

02/01/2020 2:53:17 PM

ਨਵੀਂ ਦਿੱਲੀ (ਭਾਸ਼ਾ)— ਤਿਹਾੜ ਜੇਲ ਦੇ ਅਧਿਕਾਰੀ ਨਿਰਭਯਾ ਗੈਂਗਰੇਪ ਅਤੇ ਹੱਤਿਆ ਮਾਮਲੇ 'ਚ ਸਾਰੇ ਚਾਰੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਤਰੀਕ ਤੈਅ ਕਰਨ ਲਈ ਪਟਿਆਲਾ ਹਾਊਸ ਕੋਰਟ ਦਾ ਰੁਖ਼ ਕਰਨਗੇ। ਜੇਲ ਦੇ ਡੀ. ਜੀ. ਸੰਦੀਪ ਗੋਇਲ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਵਲੋਂ ਵਿਨੇ ਕੁਮਾਰ ਸ਼ਰਮਾ ਦੀ ਦਯਾ ਪਟੀਸ਼ਨ ਖਾਰਜ ਕੀਤੇ ਜਾਣ ਤੋਂ ਬਾਅਦ ਤਿਹਾੜ ਜੇਲ ਚਾਰੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਤਰੀਕ ਤੈਅ ਕਰਨ ਲਈ ਪਟਿਆਲਾ ਹਾਊਸ ਕੋਰਟ ਦਾ ਰੁਖ਼ ਕਰ ਰਹੀ ਹੈ। 

ਗੋਇਲ ਨੇ ਦੱਸਿਆ ਕਿ ਨਿਰਭਯਾ ਕੇਸ ਦੇ ਚਾਰੇ ਦੋਸ਼ੀਆਂ 'ਚੋਂ ਇਕ ਅਕਸ਼ੈ ਠਾਕੁਰ ਨੇ ਸ਼ਨੀਵਾਰ ਭਾਵ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੋਲ ਦਯਾ ਪਟੀਸ਼ਨ ਭੇਜੀ ਸੀ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਵਿਨੇ ਸ਼ਰਮਾ ਦੀ ਦਯਾ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਚਾਰੇ ਦੋਸ਼ੀਆਂ ਨੂੰ ਸ਼ਨੀਵਾਰ ਭਾਵ 1 ਫਰਵਰੀ ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਦਿੱਲੀ ਦੀ ਇਕ ਅਦਾਲਤ ਨੇ ਉਨ੍ਹਾਂ ਦੀ ਫਾਂਸੀ ਅਣਮਿੱਥੇ ਸਮੇਂ ਲਈ ਟਾਲ ਦਿੱਤੀ ਸੀ।

ਦੋਸ਼ੀਆਂ ਦੇ ਵਕੀਲਾਂ ਵਲੋਂ ਦਲੀਲ ਦਿੱਤੀ ਗਈ ਸੀ ਕਿ ਅਜੇ ਦੋਸ਼ੀਆਂ ਵਲੋਂ ਕੁਝ ਕਾਨੂੰਨੀ ਬਦਲ ਬਚੇ ਹਨ, ਅਜਿਹੇ ਵਿਚ ਫਾਂਸੀ ਨਹੀਂ ਹੋ ਸਕਦੀ। ਇਸ ਤੋਂ ਬਾਅਦ ਅਦਾਲਤ ਨੇ ਅਗਲੇ ਆਦੇਸ਼ ਤਕ ਫਾਂਸੀ 'ਤੇ ਰੋਕ ਲਾ ਦਿੱਤੀ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਦੋਸ਼ੀਆਂ ਦੀ ਫਾਂਸੀ ਟਲ ਗਈ ਸੀ, ਪਹਿਲਾਂ 22 ਜਨਵਰੀ 2020 ਨੂੰ ਫਾਂਸੀ ਦਿੱਤੀ ਜਾਣੀ ਸੀ। ਇਕ ਦੋਸ਼ੀ ਵਲੋਂ ਦਯਾ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਕਾਰਨ ਫਾਂਸੀ ਨੂੰ ਟਾਲ ਦਿੱਤਾ ਗਿਆ ਸੀ। 
 


Tanu

Content Editor

Related News