ਤਿਹਾੜ ਦੇ ਇਤਿਹਾਸ 'ਚ ਪਹਿਲੀ ਵਾਰ 4 ਦੋਸ਼ੀਆਂ ਨੂੰ ਇੱਕਠੀ ਦਿੱਤੀ ਗਈ ਫਾਂਸੀ

Friday, Mar 20, 2020 - 07:37 AM (IST)

ਤਿਹਾੜ ਦੇ ਇਤਿਹਾਸ 'ਚ ਪਹਿਲੀ ਵਾਰ 4 ਦੋਸ਼ੀਆਂ ਨੂੰ ਇੱਕਠੀ ਦਿੱਤੀ ਗਈ ਫਾਂਸੀ

ਨਵੀਂ ਦਿੱਲੀ—ਨਿਰਭਯਾ ਨੂੰ ਆਖਰਕਾਰ 7 ਸਾਲਾਂ ਬਾਅਦ ਇਨਸਾਫ ਮਿਲ ਹੀ ਗਿਆ। ਨਿਰਭਯਾ ਗੈਂਗਰੇਪ ਅਤੇ ਹੱਤਿਆਕਾਂਡ ਮਾਮਲੇ 'ਚ 4 ਦੋਸ਼ੀਆਂ ਨੂੰ ਅੱਜ ਭਾਵ ਸ਼ੁੱਕਰਵਾਰ ਤੜਕਸਾਰ ਇੱਕਠਿਆ ਤਿਹਾੜ ਜੇਲ 'ਚ ਫਾਂਸੀ ਦਿੱਤੀ ਗਈ। ਦੱਸਿਆ ਜਾਂਦਾ ਹੈ ਕਿ ਤਿਹਾੜ ਜੇਲ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ 4 ਦੋਸ਼ੀਆਂ ਨੂੰ ਇੱਕਠਿਆਂ ਫਾਂਸੀ ਦੇ ਤਖਤੇ 'ਤੇ ਲਟਕਾਇਆ ਗਿਆ। ਇਸ ਤੋਂ ਪਹਿਲਾਂ 1982 'ਚ ਰੰਗਾ-ਬਿੱਲਾ ਨੂੰ ਇੱਕਠਿਆ ਫਾਂਸੀ ਦਿੱਤੀ ਗਈ ਸੀ।

ਦੱਸ ਦੇਈਏ ਕਿ ਨਿਰਭਯਾ ਦੇ 4 ਦੋਸ਼ੀ ਵਿਨੈ, ਮੁਕੇਸ਼, ਪਵਨ, ਅਕਸ਼ੈ ਨੂੰ ਫਾਂਸੀ ਦੇਣ ਲਈ ਤਿਹਾੜ ਦੇ ਫਾਂਸੀ ਘਰ ਦੇ ਖੂਹ ਨੂੰ ਚੌੜਾ ਕੀਤਾ ਗਿਆ ਜਿਸ ਜੇਲ 'ਚ ਦੋਸ਼ੀ ਕੈਦ ਸੀ, ਉਸ ਤੋਂ ਲਗਭਗ 200 ਕਿਲੋਮੀਟਰ ਦੂਰ ਫਾਂਸੀ ਘਰ ਹੈ ਜਿੱਥੇ ਸਖਤ ਸੁਰੱਖਿਆ ਪ੍ਰਬੰਧਾਂ 'ਚ ਉਨ੍ਹਾਂ ਨੂੰ ਲਿਜਾਇਆ ਗਿਆ ਅਤੇ ਫਿਰ ਫਾਂਸੀ 'ਤੇ ਤਖਤੇ 'ਤੇ ਲਟਕਾਇਆ ਗਿਆ। ਇਹ ਵੀ ਦੱਸਿਆ ਜਾਂਦਾ ਹੈ ਕਿ 7 ਸਾਲ, 3 ਮਹੀਨੇ ਅਤੇ 3 ਦਿਨ ਪਹਿਲਾਂ ਭਾਵ 16 ਦਸੰਬਰ 2012 ਨੂੰ ਦੇਸ਼ ਦੀ ਰਾਜਧਾਨੀ 'ਚ ਵਾਪਰੀ ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸੜਕਾਂ 'ਤੇ ਨੌਜਵਾਨਾਂ ਦਾ ਇਕੱਠ ਇਨਸਾਫ ਮੰਗਣ ਲਈ ਨਿਕਲਿਆ ਜਿਸ ਦਾ ਅੱਜ ਜਾ ਕੇ ਨਤੀਜਾ ਨਿਕਲਿਆ ਹੈ।

3 ਵਾਰ ਟਾਲੀ ਗਈ ਫਾਂਸੀ—
ਦੱਸਣਯੋਗ ਹੈ ਕਿ ਅਜਿਹਾ ਤੀਜੀ ਵਾਰ ਹੋਇਆ ਸੀ, ਜਦੋਂ ਦੋਸ਼ੀਆਂ ਦੀ ਫਾਂਸੀ 'ਤੇ ਰੋਕ ਲੱਗੀ ਹੈ। ਇਸ ਤੋਂ ਪਹਿਲਾਂ ਜਨਵਰੀ ਮਹੀਨੇ 'ਚ ਫਾਂਸੀ ਦੀ ਤਰੀਕ ਤੈਅ ਕੀਤੀ ਗਈ ਸੀ, ਫਿਰ 1 ਫਰਵਰੀ ਦੀ ਤਾਰੀਕ ਫਾਂਸੀ ਦੇਣ ਲਈ ਤੈਅ ਕੀਤੀ ਗਈ ਸੀ। ਹਾਲਾਂਕਿ ਦੋਸ਼ੀਆਂ ਨੇ ਕਾਨੂੰਨੀ ਦਾਅ ਪੇਚ ਲਾ ਕੇ ਇਸ ਨੂੰ ਰੱਦ ਕਰਵਾ ਦਿੱਤਾ ਸੀ। 3 ਮਾਰਚ ਨੂੰ ਤੀਜੀ ਵਾਰ ਫਾਂਸੀ ਟਾਲ ਦਿੱਤੀ ਗਈ, ਕਿਉਂਕਿ ਦੋਸ਼ੀ ਪਵਨ ਨੇ ਰਾਸ਼ਟਰਪਤੀ ਸਾਹਮਣੇ ਦਯਾ ਪਟੀਸ਼ਨ ਦਾਇਰ ਕਰ ਦਿੱਤੀ ਸੀ। ਦਯਾ ਪਟੀਸ਼ਨ ਪੈਂਡਿੰਗ ਹੋਣ ਕਾਰਨ 3 ਮਾਰਚ ਨੂੰ ਦਿੱਤੀ ਜਾਣ ਵਾਲੀ ਫਾਂਸੀ ਟਾਲ ਦਿੱਤੀ ਗਈ ਸੀ। ਪਵਨ ਦੀ ਦਯਾ ਪਟੀਸ਼ਨ ਬੁੱਧਵਾਰ (4 ਮਾਰਚ) ਨੂੰ ਰਾਸ਼ਟਰਪਤੀ ਵਲੋਂ ਖਾਰਜ ਕਰ ਦਿੱਤੀ ਗਈ ਹੈ। ਅਜਿਹੇ 'ਚ ਦੋਸ਼ੀਆਂ ਕੋਲ ਪਹਿਲਾਂ ਸਾਰੇ ਬਦਲ ਖਤਮ ਹੋ ਚੁੱਕੇ ਹਨ।

ਆਖਰੀ ਦਮ ਤੱਕ ਦਰਿੰਦਿਆਂ ਨੇ ਖੇਡੇ ਕਈ ਪੈਂਤੜੇ ਪਰ ਅਸਫਲ—
ਦਰਿੰਦਿਆਂ ਨੇ ਫਾਂਸੀ ਨੂੰ ਟਾਲਣ ਲਈ ਆਖਰੀ ਦਮ ਤੱਕ ਪੈਂਤੜੇ ਖੇਡੇ, ਇੱਥੋ ਤੱਕ ਕਿ ਨਿਰਭਯਾ ਦੇ ਚਾਰੇ ਦੋਸ਼ੀਆਂ 'ਚੋਂ 3 ਦੋਸ਼ੀਆਂ— ਅਕਸ਼ੈ, ਪਵਨ ਅਤੇ ਵਿਨੇ ਨੇ ਫਾਂਸੀ ਦੀ ਸਜ਼ਾ 'ਤੇ ਰੋਕ ਲਾਉਣ ਲਈ ਕੌਮਾਂਤਰੀ ਅਦਾਲਤ (ਆਈ. ਸੀ. ਜੇ.) ਯਾਨੀ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਰੁਖ਼ ਕੀਤਾ ਹੈ। ਦੋਸ਼ੀਆਂ ਨੇ ਨਵੀਂ ਚਾਲ ਚੱਲਦੇ ਹੋਏ ਕੌਮਾਂਤਰੀ ਅਦਾਲਤ ਤੋਂ ਆਪਣੀ ਮੌਤ ਦੀ ਸਜ਼ਾ 'ਤੇ ਰੋਕ ਲਾਉਣ ਦੀ ਪਟੀਸ਼ਨ ਦਾਇਰ ਕੀਤੀ ਹੈ।

16 ਦਸੰਬਰ 2012 ਦਾ ਹੈ ਮਾਮਲਾ—
ਦਿੱਲੀ ਦੀ ਪੈਰਾਮੈਡੀਕਲ ਵਿਦਿਆਰਥਣ ਨਾਲ 16 ਦਸੰਬਰ 2012 ਨੂੰ 6 ਲੋਕਾਂ ਨੇ ਚੱਲਦੀ ਬੱਸ 'ਚ ਦਰਿੰਦਗੀ ਕੀਤੀ ਸੀ। ਗੰਭੀਰ ਜ਼ਖਮਾਂ ਕਾਰਨ 26 ਦਸੰਬਰ ਨੂੰ ਸਿੰਗਾਪੁਰ 'ਚ ਇਲਾਜ ਦੌਰਾਨ ਨਿਰਭਯਾ ਦੀ ਮੌਤ ਹੋ ਗਈ ਸੀ। ਘਟਨਾ ਦੇ 9 ਮਹੀਨੇ ਬਾਅਦ ਯਾਨੀ ਕਿ ਸਤੰਬਰ 2013 ਨੂੰ ਹੇਠਲੀ ਅਦਾਲਤ ਨੇ 5 ਦੋਸ਼ੀਆਂ- ਰਾਮ ਸਿੰਘ, ਪਵਨ, ਅਕਸ਼ੈ, ਵਿਨੇ ਅਤੇ ਮੁਕੇਸ਼ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਮਾਰਚ 2014 'ਚ ਹਾਈ ਕੋਰਟ ਅਤੇ ਮਈ 2017 'ਚ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਟਰਾਇਲ ਦੌਰਾਨ ਮੁੱਖ ਦੋਸ਼ੀ ਰਾਮ ਸਿੰਘ ਨੇ ਜੇਲ 'ਚ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ ਸੀ। ਇਕ ਹੋਰ ਦੋਸ਼ੀ ਜੋ ਕਿ ਨਾਬਾਲਗ ਹੋਣ ਕਾਰਨ 3 ਸਾਲ ਸੁਧਾਰ ਗ੍ਰਹਿ 'ਚ ਸਜ਼ਾ ਪੂਰੀ ਕਰ ਚੁੱਕਾ ਹੈ।

ਇਹ ਵੀ ਪੜ੍ਹੋ: ਨਿਰਭਿਆ ਕੇਸ: 7 ਸਾਲ ਬਾਅਦ ਮਿਲਿਆ ਇਨਸਾਫ, ਫਾਂਸੀ 'ਤੇ ਲਟਕਾਏ ਗਏ ਦੋਸ਼ੀ


author

Iqbalkaur

Content Editor

Related News