ਨਿਰਭਯਾ ਕੇਸ : ਹਾਈ ਕੋਰਟ 'ਚ ਸੁਣਵਾਈ ਜਾਰੀ, SG ਬੋਲੇ- ਦੋਸ਼ੀਆਂ ਨੇ ਕਾਨੂੰਨ ਦਾ ਮਜ਼ਾਕ ਬਣਾ ਰੱਖਿਆ
Sunday, Feb 02, 2020 - 04:29 PM (IST)

ਨਵੀਂ ਦਿੱਲੀ— ਨਿਰਭਯਾ ਦੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫਾਂਸੀ 'ਤੇ ਲਟਕਾਉਣ ਦੀ ਮੰਗ ਵਾਲੀ ਕੇਂਦਰ ਸਰਕਾਰ ਦੀ ਪਟੀਸ਼ਨ 'ਤੇ ਅੱਜ ਭਾਵ ਐਤਵਾਰ ਨੂੰ ਦਿੱਲੀ ਹਾਈ ਕੋਰਟ 'ਚ ਸੁਣਵਾਈ ਹੋ ਰਹੀ ਹੈ। ਜਸਟਿਸ ਸੁਰੇਸ਼ ਕੈਤ ਸਾਹਮਣੇ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ। ਸਾਲਿਸਿਟਰ ਜਨਰਲ (ਐੱਸ. ਜੀ.) ਤੁਸ਼ਾਰ ਮਹਿਤਾ ਕੇਂਦਰ ਸਰਕਾਰ ਵਲੋਂ ਦਲੀਲਾਂ ਪੇਸ਼ ਕਰ ਰਹੇ ਹਨ। ਸੁਣਵਾਈ ਦੌਰਾਨ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਚਾਰੇ ਦੋਸ਼ੀ- ਵਿਨੇ, ਅਕਸ਼ੈ, ਪਵਨ, ਮੁਕੇਸ਼ ਕਾਨੂੰਨ ਦੀ ਦੁਰਵਰਤੋਂ ਕਰ ਰਹੇ ਹਨ। ਤੁਸ਼ਾਰ ਮਹਿਤਾ ਨੇ ਕਿਹਾ ਕਿ ਦੋਸ਼ੀ ਜਾਣਬੁੱਝ ਕੇ ਇਸ ਮਾਮਲੇ ਵਿਚ ਆਪਣੀਆਂ ਪਟੀਸ਼ਨਾਂ ਦੇਰੀ ਨਾਲ ਦਾਇਰ ਕਰ ਰਹੇ ਹਨ, ਤਾਂ ਕਿ ਫਾਂਸੀ ਨੂੰ ਲੰਬੇ ਸਮੇਂ ਤਕ ਟਾਲਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਕ ਵਾਰ ਸੁਪਰੀਮ ਕੋਰਟ ਦੋਸ਼ੀਆਂ ਨੂੰ ਆਖਰੀ ਫੈਸਲਾ ਸੁਣਾ ਦਿੰਦਾ ਹੈ ਤਾਂ ਉਨ੍ਹਾਂ ਨੂੰ ਵੱਖ-ਵੱਖ ਫਾਂਸੀ ਦਿੱਤੇ ਜਾਣ 'ਚ ਕੋਈ ਰੁਕਾਵਟ ਨਹੀਂ ਹੈ।
ਇੱਥੇ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਪਟਿਆਲਾ ਹਾਊਸ ਕੋਰਟ ਦੇ ਫਾਂਸੀ ਟਾਲਣ ਦੇ ਨਿਰਦੇਸ਼ ਨੂੰ ਦਿੱਲੀ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੈ, ਜਿਸ ਕਾਰਨ ਸੁਣਵਾਈ ਲਈ ਐਤਵਾਰ ਨੂੰ ਖਾਸ ਤੌਰ 'ਤੇ ਕੋਰਟ ਖੁੱਲ੍ਹੀ। ਕੇਂਦਰੀ ਗ੍ਰਹਿ ਮੰਤਰਾਲੇ ਅਤੇ ਦਿੱਲੀ ਪੁਲਸ ਦੋਹਾਂ ਨੇ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਕਿਹਾ ਕਿ ਨਿਰਭਯਾ ਦੇ ਚਾਰੇ ਦੋਸ਼ੀਆਂ ਨੇ ਕਾਨੂੰਨ ਦਾ ਮਜ਼ਾਕ ਬਣਾ ਕੇ ਰੱਖਿਆ ਹੈ।