ਨਿਰਭਯਾ ਕੇਸ : ਦੋਸ਼ੀ ਪਵਨ ਦੀ ਪਟੀਸ਼ਨ ਸੁਪਰੀਮ ਕੋਰਟ ਨੇ ਕੀਤੀ ਖਾਰਜ

Monday, Jan 20, 2020 - 03:20 PM (IST)

ਨਿਰਭਯਾ ਕੇਸ : ਦੋਸ਼ੀ ਪਵਨ ਦੀ ਪਟੀਸ਼ਨ ਸੁਪਰੀਮ ਕੋਰਟ ਨੇ ਕੀਤੀ ਖਾਰਜ

ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਕੇਸ ਦੇ ਦੋਸ਼ੀ ਪਵਨ ਗੁਪਤਾ ਦੀ ਫਾਂਸੀ ਤੋਂ ਬਚਣ ਦੀ ਇਕ ਹੋਰ ਕੋਸ਼ਿਸ਼ ਨੂੰ ਸੁਪਰੀਮ ਕੋਰਟ ਨੇ ਅਸਫਲ ਕਰ ਦਿੱਤਾ। ਦਰਅਸਲ ਦੋਸ਼ੀ ਪਵਨ ਨੇ ਸੁਪਰੀਮ ਕੋਰਟ 'ਚ ਸਪੈਸ਼ਲ ਲੀਵ ਪਟੀਸ਼ਨ ਦਾਇਰ ਕੀਤੀ ਹੋਈ ਸੀ। ਪਟੀਸ਼ਨ 'ਚ ਉਸ ਨੇ ਘਟਨਾ ਸਮੇਂ ਨਾਬਾਲਗ ਹੋਣ ਦਾ ਦਾਅਵਾ ਕੀਤਾ ਸੀ। ਦੋਸ਼ੀ ਨੇ ਸੁਪੀਰਮ ਕੋਰਟ 'ਚ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਸੁਪਰੀਮ ਕੋਰਟ ਨੇ ਉਸ ਦੇ 16 ਦਸੰਬਰ 2012 ਦੀ ਘਟਨਾ ਦੇ ਦਿਨ ਨਾਬਾਲਗ ਹੋਣ ਦਾ ਦਾਅਵਾ ਖਾਰਜ ਕਰ ਦਿੱਤਾ।

ਜਸਟਿਸ ਆਰ. ਭਾਨੂੰਮਤੀ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਏ. ਐੱਸ ਬੋਪੰਨਾ ਦੀ ਵਿਸ਼ੇਸ਼ ਬੈਂਚ ਨੇ ਦਿੱਲੀ ਹਾਈ ਕੋਰਟ ਦੇ ਇਸ ਮਾਮਲੇ 'ਚ 19 ਦਸੰਬਰ 2019 ਦਾ ਫੈਸਲਾ ਬਰਕਰਾਰ ਰੱਖਦੇ ਹੋਏ ਪਵਨ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਬੈਂਚ ਵਲੋਂ ਜਸਟਿਸ ਭਾਨੂੰਮਤੀ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਪਵਨ ਦੇ ਨਾਬਾਲਗ ਹੋਣ ਦਾ ਦਾਅਵਾ ਹੇਠਲੀ ਅਦਾਲਤ ਅਤੇ ਹਾਈ ਕੋਰਟ ਨੇ ਪਹਿਲਾਂ ਹੀ ਖਾਰਜ ਕਰ ਦਿੱਤਾ ਹੈ ਅਤੇ ਇਸ ਦਾਅਵੇ 'ਤੇ ਵਿਚਾਰ ਕਰਨ ਦੀ ਪਟੀਸ਼ਨ 'ਚ ਕੋਈ ਵਿਸ਼ੇਸ਼ ਆਧਾਰ ਨਜ਼ਰ ਨਹੀਂ ਆਉਂਦਾ। 

ਦੱਸਣਯੋਗ ਹੈ ਕਿ ਦਿੱਲੀ ਦੀ ਇਕ ਅਦਾਲਤ ਨੇ ਨਿਰਭਯਾ ਦੇ ਚਾਰੇ ਦੋਸ਼ੀਆਂ ਨੂੰ 1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ 'ਤੇ ਲਟਕਾਉਣ ਦਾ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਹੈ। ਪਹਿਲਾਂ 22 ਜਨਵਰੀ ਨੂੰ ਫਾਂਸੀ ਹੋਣੀ ਸੀ ਪਰ ਇਕ ਦੋਸ਼ੀ ਵਲੋਂ ਦਇਆ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਨੂੰ  ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਖਾਰਜ ਕਰ ਦਿੱਤਾ। ਡੈੱਥ ਵਾਰੰਟ ਜਾਰੀ ਹੋਣ ਤੋਂ ਬਾਅਦ ਦੋਸ਼ੀ ਇਕ ਤੋਂ ਬਾਅਦ ਇਕ ਨਵਾਂ ਦਾਅ ਲਾ ਰਹੇ ਹਨ, ਤਾਂ ਕਿ ਫਾਂਸੀ ਦੀ ਸਜ਼ਾ ਮੁਆਫ਼ ਹੋ ਜਾਵੇ।


author

Tanu

Content Editor

Related News