ਕੇਰਲ 'ਚ ਭਿਆਨਕ ਟੱਕਰ ਤੋਂ ਬਾਅਦ ਪਲਟੀਆਂ 2 ਬੱਸਾਂ, 5 ਵਿਦਿਆਰਥੀਆਂ ਸਮੇਤ 9 ਲੋਕਾਂ ਦੀ ਮੌਤ

Thursday, Oct 06, 2022 - 10:02 AM (IST)

ਕੇਰਲ 'ਚ ਭਿਆਨਕ ਟੱਕਰ ਤੋਂ ਬਾਅਦ ਪਲਟੀਆਂ 2 ਬੱਸਾਂ, 5 ਵਿਦਿਆਰਥੀਆਂ ਸਮੇਤ 9 ਲੋਕਾਂ ਦੀ ਮੌਤ

ਪਲੱਕੜ (ਭਾਸ਼ਾ)- ਕੇਰਲ ਦੇ ਪਲੱਕੜ ਜ਼ਿਲ੍ਹੇ ਦੇ ਵਡੱਕਨਚੇਰੀ 'ਚ ਇਕ ਪ੍ਰਾਈਵੇਟ ਟੂਰਿਸਟ ਬੱਸ ਅਤੇ ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਕੇ.ਐੱਸ.ਆਰ.ਟੀ.ਸੀ.) ਦੀ ਬੱਸ ਦੀ ਟੱਕਰ 'ਚ ਪੰਜ ਵਿਦਿਆਰਥੀਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਕੇਰਲ ਦੇ ਸੜਕ ਆਵਾਜਾਈ ਮੰਤਰੀ ਐਂਟੋਨੀ ਰਾਜੂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰੀ ਨੇ ਕਿਹਾ ਕਿ ਹਾਦਸਾ ਬੁੱਧਵਾਰ ਰਾਤ ਕਰੀਬ 11.30 ਵਜੇ ਵਾਪਰਿਆ ਜਦੋਂ ਇਕ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਇਕ ਵਾਹਨ ਨੂੰ 'ਓਵਰਟੇਕ' ਕਰਨ ਦੀ ਕੋਸ਼ਿਸ਼ ਕਰਦੇ ਹੋਏ ਕੇ.ਐੱਸ.ਆਰ.ਟੀ.ਸੀ. ਦੀ ਬੱਸ ਨਾਲ ਟਕਰਾ ਗਈ। ਉਨ੍ਹਾਂ ਕਿਹਾ,''ਹਾਦਸੇ 'ਚ 5 ਵਿਦਿਆਰਥੀਆਂ ਅਤੇ ਇਕ ਅਧਿਆਪਕ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਮੰਤਰੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਹਾਦਸਾ ਡਰਾਈਵਰ ਦੀ ਲਾਪਰਵਾਹੀ ਅਤੇ ਬੱਸ ਦੀ ਤੇਜ਼ ਰਫ਼ਤਾਰ ਕਾਰਨ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਕੇ.ਐੱਸ.ਆਰ.ਟੀ.ਸੀ. ਦੀ ਬੱਸ ਕੇਰਲ ਦੇ ਕੋਟਾਰੱਕਰਾ ਤੋਂ ਤਾਮਿਲਨਾਡੂ ਦੇ ਕੋਇੰਬਟੂਰ ਜਾ ਰਹੀ ਸੀ ਅਤੇ ਇਸ 'ਚ 81 ਯਾਤਰੀ ਸਵਾਰ ਸਨ, ਜਿਨ੍ਹਾਂ 'ਚੋਂ ਤਿੰਨ ਦੀ ਹਾਦਸੇ 'ਚ ਮੌਤ ਹੋ ਗਈ।

ਇਹ ਵੀ ਪੜ੍ਹੋ : ਉੱਤਰਾਖੰਡ 'ਚ ਬਾਰਾਤੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ, 25 ਲੋਕਾਂ ਦੀ ਮੌਤ

ਉੱਥੇ ਹੀ ਨਿੱਜੀ ਬੱਸ 'ਚ ਏਰਨਾਕੁਲਮ ਦੇ ਬਾਸੀਲੀਓਸ ਵਿਦਿਆ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਦੇ 42 ਵਿਦਿਆਰਥੀ ਅਤੇ 5 ਅਧਿਆਪਕ ਸਵਾਰ ਸਨ। ਰਾਜ ਦੇ ਸਥਾਨਕ ਸਵੈ-ਸ਼ਾਸਨ ਮੰਤਰੀ ਐੱਮ.ਬੀ. ਰਾਜੇਸ਼ ਨੇ ਪਲੱਕੜ ਦੇ ਇਕ ਹਸਪਤਾਲ 'ਚ ਦਾਖ਼ਲ ਜ਼ਖ਼ਮੀਆਂ ਦਾ ਦੌਰਾ ਕੀਤਾ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਖ਼ਮੀਆਂ 'ਚੋਂ ਚਾਰ ਦੀ ਹਾਲਤ ਗੰਭੀਰ ਹੈ, ਜਦਕਿ ਬਾਕੀਆਂ ਦੀ ਹਾਲਤ ਸਥਿਰ ਹੈ। ਇਸ ਦੌਰਾਨ ਰਾਜ ਦੇ ਮਾਲ ਮੰਤਰੀ ਕੇ ਰਾਜਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਬਾਰੇ ਵਿਚਾਰ ਕਰਨ ਲਈ ਕੈਬਨਿਟ ਮੀਟਿੰਗ ਕੀਤੀ ਜਾਵੇਗੀ। ਪ੍ਰਾਈਵੇਟ ਬੱਸ 'ਚ ਸਵਾਰ ਵਿਦਿਆਰਥੀਆਂ 'ਚੋਂ ਇਕ ਨੇ ਟੀਵੀ ਚੈਨਲ ਨੂੰ ਦੱਸਿਆ ਕਿ ਪ੍ਰਾਈਵੇਟ ਬੱਸ ਬਹੁਤ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ ਅਤੇ ਕੇ.ਐੱਸ.ਆਰ.ਟੀ.ਸੀ. ਦੀ ਬੱਸ ਨਾਲ ਟਕਰਾ ਗਈ। ਪੁਲਸ ਨੇ ਦੱਸਿਆ ਕਿ ਇਸ ਹਾਦਸੇ 'ਚ ਕਰੀਬ 40 ਲੋਕ ਜ਼ਖਮੀ ਵੀ ਹੋਏ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News