NIA ਨੇ ਅਲਕਾਇਦਾ ਦੇ ਵੱਡੇ ਨੈੱਟਵਰਕ ਦਾ ਕੀਤਾ ਪਰਦਾਫਾਸ਼, 9 ਅੱਤਵਾਦੀ ਕੀਤੇ ਗਿ੍ਰਫ਼ਤਾਰ
Saturday, Sep 19, 2020 - 10:18 AM (IST)

ਨਵੀਂ ਦਿੱਲੀ— ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਅੱਤਵਾਦੀ ਸੰਗਠਨ ਅਲਕਾਇਦਾ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਐੱਨ. ਆਈ. ਏ. ਨੇ ਪੱਛਮੀ ਬੰਗਾਲ ਅਤੇ ਕੇਰਲ ’ਚ ਛਾਪੇਮਾਰੀ ਕੀਤੀ ਅਤੇ ਇਸ ਦੌਰਾਨ 9 ਅੱਤਵਾਦੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਹ ਛਾਪੇਮਾਰੀ ਕੇਰਲ ਦੇ ਐਰਨਾਕੁਲਮ ਅਤੇ ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ’ਚ ਕੀਤੀ ਗਈ। ਛਾਪੇਮਾਰੀ ਦੌਰਾਨ ਕੇਰਲ ਦੇ ਐਰਨਾਕੁਲਮ ਤੋਂ 3 ਜਦਕਿ ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਤੋਂ 6 ਅੱਤਵਾਦੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਕਈ ਸੁਰੱਖਿਆ ਅਦਾਰੇ ਸਨ ਅਤੇ ਦੇਸ਼ ਨੂੰ ਦਹਿਲਾਉਣ ਦੀ ਸਾਜਿਸ਼ ਰਚ ਰਹੇ ਸਨ। ਮਿਲੀ ਜਾਣਕਾਰੀ ਮੁਤਾਬਕ ਅੱਤਵਾਦੀ ਕਸ਼ਮੀਰ ਜਾ ਕੇ ਹਥਿਆਰਾਂ ਦੀ ਡਿਲਿਵਰੀ ਕਰਨ ਦੀ ਫਿਰਾਕ ਵਿਚ ਸਨ। ਗਿ੍ਰਫ਼ਤਾਰ ਕੀਤੇ ਗਏ ਅੱਤਵਾਦੀਆਂ ਦੀ ਉਮਰ 20 ਸਾਲ ਦੇ ਨੇੜੇ-ਤੇੜੇ ਦੱਸੀ ਜਾ ਰਹੀ ਹੈ। ਅੱਤਵਾਦੀ ਸਾਜਿਸ਼ ਨੂੰ ਲੈ ਕੇ ਇਨਪੁਟ ਮਿਲਣ ਤੋਂ ਬਾਅਦ ਹੀ ਇਨ੍ਹਾਂ ’ਤੇ ਨਜ਼ਰ ਰੱਖੀ ਜਾ ਰਹੀ ਸੀ।
ਐੱਨ. ਆਈ. ਏ. ਨੇ ਅੱਜ ਸਵੇਰੇ ਹੀ ਕੇਰਲ ਅਤੇ ਪੱਛਮੀ ਬੰਗਾਲ ਦੀਆਂ ਕਈ ਥਾਂਵਾਂ ’ਤੇ ਛਾਪੇਮਾਰੀ ਕੀਤੀ ਅਤੇ ਅਲਕਾਇਦਾ ਦੇ ਪਾਕਿਸਤਾਨ ਸਪਾਂਸਰਡ ਮੋਡਲਿਊ ਨਾਲ ਜੁੜੇ 9 ਅੱਤਵਾਦੀਆਂ ਨੂੰ ਗਿ੍ਰਫ਼ਤਾਰ ਕੀਤਾ। ਗਿ੍ਰਫ਼ਤਾਰ ਕੀਤੇ ਗਏ ਅੱਤਵਾਦੀਆਂ ਕੋਲੋਂ ਡਿਜ਼ੀਟਲ ਉਪਕਰਣ, ਦਸਤਾਵੇਜ਼, ਜਿਹਾਦੀ ਸਾਹਿਤ, ਤੇਜ਼ਧਾਰ ਹਥਿਆਰ ਸਮੇਤ ਵੱਡੇ ਪੱਧਰ ’ਤੇ ਹੋਰ ਸਮੱਗਰੀਆਂ ਬਰਾਮਦ ਕੀਤੀਆਂ ਗਈਆਂ ਹਨ। ਜਾਣਕਾਰੀ ਮਿਲੀ ਹੈ ਕਿ ਸੋਸ਼ਲ ਮੀਡੀਆ ਜ਼ਰੀਏ ਪਾਕਿਸਤਾਨ ਸਥਿਤ ਅਲਕਾਇਦਾ ਦੇ ਅੱਤਵਾਦੀਆਂ ਨੇ ਇਨ੍ਹਾਂ ਨੂੰ ਕਟੜਪੰਥੀ ਬਣਾਇਆ। ਪਾਕਿਸਤਾਨ ਵਿਚ ਬੈਠੇ ਅੱਤਵਾਦੀਆਂ ਨੇ ਇਨ੍ਹਾਂ ਨੂੰ ਦਿੱਲੀ ਸਮੇਤ ਕਈ ਮਹੱਤਵਪੂਰਨ ਥਾਂਵਾਂ ’ਤੇ ਹਮਲਾ ਕਰਨ ਲਈ ਉਕਸਾਇਆ ਸੀ।