ਨਿਕਿਤਾ ਕਤਲਕਾਂਡ: ਅਦਾਲਤ ਨੇ 2 ਨੂੰ ਦੋਸ਼ੀ ਠਹਿਰਾਇਆ, 26 ਮਾਰਚ ਨੂੰ ਤੈਅ ਹੋਵੇਗੀ ਸਜ਼ਾ

Wednesday, Mar 24, 2021 - 06:17 PM (IST)

ਫਰੀਦਾਬਾਦ— ਹਰਿਆਣਾ ’ਚ ਫਰੀਦਾਬਾਦ ਦੀ ਇਕ ਅਦਾਲਤ ਨੇ ਬਹੁਚਰਚਿਤ ਨਿਕਿਤਾ ਤੋਮਰ ਕਤਲਕਾਂਡ ਵਿਚ ਬੁੱਧਵਾਰ ਨੂੰ ਫ਼ੈਸਲਾ ਸੁਣਾ ਦਿੱਤਾ ਹੈ। ਅਦਾਲਤ ਨੇ ਤੌਸੀਫ ਅਤੇ ਰੇਹਾਨ ਨੂੰ ਦੋਸ਼ੀ ਕਰਾਰ ਦਿੱਤਾ ਪਰ ਅਜਰੂ ਨੂੰ ਸਬੂਤਾਂ ਦੀ ਘਾਟ ਵਿਚ ਬਰੀ ਕਰ ਦਿੱਤਾ। ਐਡੀਸ਼ਨਲ ਸੈਸ਼ਨ ਜੱਜ ਸਰਤਾਜ ਬਾਸਵਾਨਾ ਦੀ ਫਾਸਟ ਟਰੈਕ ਅਦਾਲਤ ਨੇ ਤੌਸੀਫ ਅਤੇ ਰੇਹਾਨ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਉਨ੍ਹਾਂ ਦੀ ਸਜ਼ਾ ’ਤੇ 26 ਮਾਰਚ ’ਤੇ ਬਹਿਸ ਹੋਵੇਗੀ। ਨਿਕਿਤਾ ਤੋਮਰ ਦੇ ਵਕੀਲ ਏਦਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਕੁੱਲ 57 ਗਵਾਹਾਂ ਦੀ ਗਵਾਹੀ ਹੋਈ ਹੈ, ਜਦਕਿ ਬਚਾਅ ਪੱਖ ਵਲੋਂ ਵਕੀਲ ਅਨਵਰ ਖਾਨ, ਅਨੀਸ ਖਾਨ ਅਤੇ ਪੀ. ਐੱਲ. ਗੋਇਲ ਨੇ ਦੋਸ਼ੀਆਂ ਦੇ ਬਚਾਅ ਵਿਚ ਉਨ੍ਹਾਂ ਦਾ ਪੱਖ ਰੱਖਿਆ। ਇਸ ਮਾਮਲੇ ਵਿਚ 26 ਮਾਰਚ ਨੂੰ ਪੂਰੇ 5 ਮਹੀਨੇ ਹੋ ਜਾਣਗੇ। ਕਤਲ ਦੇ 11 ਦਿਨ ਬਾਅਦ ਹੀ ਪੁਲਸ ਨੇ ਅਦਾਲਤ ’ਚ ਦੋਸ਼ ਪੱਤਰ ਦਾਇਰ ਕਰ ਦਿੱਤਾ ਸੀ। 

PunjabKesari

ਜ਼ਿਕਰਯੋਗ ਹੈ ਕਿ ਬੀਕਾਮ ਆਨਰਸ ਦੀ ਵਿਦਿਆਰਥਣ ਨਿਕਿਤਾ ਦਾ 26 ਅਕਤੂਬਰ 2020 ਨੂੰ ਅਗਰਵਾਲ ਕਾਲਜ ਦੇ ਸਾਹਮਣੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਤਲ ਦੀ ਸਾਜਿਸ਼ ਦਾ ਦੋਸ਼ ਸੋਹਨਾ ਵਾਸੀ ਤੌਸੀਫ, ਨੂੰਹ ਵਾਸੀ ਰੇਹਾਨ ਅਤੇ ਅਜਰੂ ’ਤੇ ਲੱਗਾ ਸੀ, ਜਿਸ ਤੋਂ ਬਾਅਦ ਪੁਲਸ ਨੇ ਤਿੰਨਾਂ ਨੂੰ ਗਿ੍ਰਫ਼ਤਾਰ ਕਰ ਲਿਆ ਸੀ। ਨਿਕਿਤਾ ਤੋਮਰ ਦੇ ਪਿਤਾ ਮੂਲਚੰਦ ਤੋਮਰ ਨੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲਣ ਦੀ ਉਮੀਦ ਜਤਾਉਂਦੇ ਹੋਏ ਕਿਹਾ ਕਿ ਸਾਨੂੰ ਕਾਨੂੰਨ ਬਾਰੇ ਜ਼ਿਆਦਾ ਨਹੀਂ ਪਤਾ ਹੈ ਪਰ ਸਾਨੂੰ ਨਿਆਪਾਲਿਕਾ ’ਤੇ ਭਰੋਸਾ ਹੈ। ਜੇਕਰ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਵੇਗੀ ਤਾਂ ਮੈਂ ਭਰੋਸਾ ਕਰਾਂਗਾ ਕਿ ਸਾਰਿਆਂ ਦੀ ਮਿਹਨਤ ਸਫ਼ਲ ਹੋਈ ਹੈ। 

PunjabKesari

ਪਿਤਾ ਮੂਲਚੰਦ ਨੇ ਅੱਗੇ ਦੋਸ਼ ਲਾਇਆ ਕਿ ਦੋਸ਼ੀ ਉਨ੍ਹਾਂ ਦੀ ਧੀ ਦਾ ਧਰਮ ਤਬਦੀਲ ਕਰਵਾ ਕੇ ਵਿਆਹ ਕਰਨਾ ਚਾਹੁੰਦੇ ਸਨ ਪਰ ਉਹ ਨਹੀਂ ਮੰਨੀ ਤਾਂ ਉਸ ਦਾ ਕਤਲ ਕਰ ਦਿੱਤਾ ਗਿਆ। ਮਿ੍ਰਤਕ ਦੇ ਪਿਤਾ ਨੇ ਕਿਹਾ ਕਿ ਹਰਿਆਣਾ ਵਿਚ ‘ਲਵ ਜੇਹਾਦ’ ’ਤੇ ਕਾਨੂੰਨ ਨਹੀਂ ਬਣਿਆ, ਇਸ ਲਈ ਮੈਂ ਸਰਕਾਰ ਤੋਂ ਨਿਰਾਸ਼ ਹਾਂ। ਮੁੱਖ ਮੰਤਰੀ ਮਨੋਹਰ ਲਾਲ ਨੇ ਵਾਅਦਾ ਕੀਤਾ ਸੀ ਕਿ ਉਹ ਕਾਨੂੰਨ ਬਣਾ ਰਹੇ ਹਨ ਪਰ ਅਜੇ ਤੱਕ ਨਹੀਂ ਬਣਾਇਆ ਗਿਆ। ਉਨ੍ਹਾਂ ਨੇ ਸਰਕਾਰ ਤੋਂ ਨਿਕਿਤਾ ਨੂੰ ਸਨਮਾਨ ਦੇਣ ਦੀ ਮੰਗ ਕੀਤੀ, ਤਾਂ ਕਿ ਉਸ ਨੂੰ ਯਾਦ ਰੱਖਿਆ ਜਾਵੇ।

 


Tanu

Content Editor

Related News