ਅੰਮ੍ਰਿਤਸਰ ਵਰਗੀ ਘਟਨਾ ਮੁੜ ਨਾ ਵਾਪਰੇ, ਰੇਲ ਇੰਜਣਾਂ ’ਚ ਲੱਗਣਗੇ ਨਾਈਟ ਵਿਜ਼ਨ ਕੈਮਰੇ

Wednesday, Nov 14, 2018 - 08:43 AM (IST)

ਅੰਮ੍ਰਿਤਸਰ ਵਰਗੀ ਘਟਨਾ ਮੁੜ ਨਾ ਵਾਪਰੇ, ਰੇਲ ਇੰਜਣਾਂ ’ਚ ਲੱਗਣਗੇ ਨਾਈਟ ਵਿਜ਼ਨ ਕੈਮਰੇ

ਨਵੀਂ ਦਿੱਲੀ, (ਵਿਸ਼ੇਸ਼)–ਹੁਣ ਤੱਕ ਸਿਰਫ ਹਵਾਈ ਜਹਾਜ਼ ’ਚ ਹੀ ਬਲੈਕ ਬਾਕਸ ਅਤੇ ਹਾਈਕੈਲੀਬਰ ਕੈਮਰੇ ਲਾਏ ਜਾਂਦੇ ਸਨ ਪਰ ਹੁਣ ਭਾਰਤੀ ਰੇਲ ਨੇ ਰੇਲ ਇੰਜਣਾਂ ’ਚ ਵੀ ਬਲੈਕ ਬਾਕਸ ਦੇ ਨਾਲ-ਨਾਲ ਸੀ. ਸੀ. ਟੀ. ਵੀ. ਕੈਮਰੇ ਲਾਉਣ ਦਾ ਫੈਸਲਾ ਕੀਤਾ ਹੈ ਤਾਂ ਕਿ ਇੰਜਣ ਡਰਾਈਵਰ ਨੂੰ ਦੂਰ ਤੋਂ ਹੀ ਰੇਲਵੇ ਟ੍ਰੈਕ ’ਤੇ ਹੋ ਰਹੀ ਕਿਸੇ ਹਲਚਲ ਦਾ ਪਤਾ ਲੱਗ ਸਕੇ। ਇਹ ਫੈਸਲਾ ਭਾਰਤੀ ਰੇਲ ਅਕਤੂਬਰ ਮਹੀਨੇ ’ਚ ਅੰਮ੍ਰਿਤਸਰ ’ਚ ਵਾਪਰੇ ਰੇਲ ਹਾਦਸੇ, ਜਿਸ ’ਚ 60 ਦੇ ਲਗਭਗ ਲੋਕ ਮਾਰੇ ਗਏ ਸਨ, ਤੋਂ ਬਾਅਦ ਕੀਤਾ ਹੈ। ਇਸ ਦੇ ਤਹਿਤ ਉੱਚ ਸਮਰੱਥਾ ਵਾਲੇ 8 ਸੀ. ਸੀ. ਟੀ. ਵੀ. ਕੈਮਰੇ ਲੱਗਣਗੇ। ਇਸ ’ਚ 6 ਆਡੀਓ/ਵੀਡੀਓ ਰਿਕਾਰਡਿੰਗ ਇੰਜਣ ਕੈਬਿਨ ’ਚ ਲੱਗਣਗੇ, ਜਦੋਂਕਿ ਰੇਲ ਟ੍ਰੈਕ ਮਾਨੀਟਰ ਕਰਨ ਲਈ ਨਾਈਟ ਵਿਜ਼ਨ ਟੈਕਨਾਲੋਜੀ ਨਾਲ ਲੈਸ 2 ਕੈਮਰੇ ਇੰਜਣ ਦੀ ਅਗਲੀ ਸਾਈਡ ’ਚ ਲੱਗਣਗੇ। ਰੇਲ ਇੰਜਣ ਦੀ ਸਰਗਰਮੀ ਨੂੰ ਨੋਟ ਕਰਨ ਵਾਲੀ ਪ੍ਰਣਾਲੀ ਨੂੰ ਲੋਕੋ ਕੈਬ ਵਾਈਸ ਰਿਕਾਰਡਿੰਗ (ਐੱਲ. ਸੀ. ਵੀ. ਆਰ.) ਕਹਿੰਦੇ ਹਨ, ਜਦੋਂਕਿ ਇੰਜਣ ’ਚ ਲੱਗਣ ਵਾਲੇ ਕੈਮਰੇ ਡੀ. ਵੀ. ਆਰ. ਨਾਲ ਅਟੈਚ ਹੋਣਗੇ।


ਉੱਤਰ ਭਾਰਤ ਰੇਲਵੇ ਦੇ ਮੁਖੀ ਪੀ. ਆਰ. ਓ. ਦੀਪਕ ਕੁਮਾਰ ਨੇ ਦੱਸਿਆ ਕਿ ਰੇਲ ਗੱਡੀ ’ਚ ਲੱਗਣ ਵਾਲੇ ਡੀ. ਵੀ. ਆਰ. ’ਚ 90 ਦਿਨ ਤੱਕ ਆਡੀਓ/ਵੀਡੀਓ ਰਿਕਾਰਡਿੰਗ ਸੁਰੱਖਿਅਤ ਰਹੇਗੀ। ਪਹਿਲੇ ਪੜਾਅ ’ਚ ਉੱਚ ਸਮਰੱਥਾ ਵਾਲੇ ਇਹ ਕੈਮਰੇ ਨਵੇਂ ਬਣੇ ਤਿੰਨ ਰੇਲ ਇੰਜਣਾਂ ’ਚ ਲਾਏ ਗਏ ਹਨ। ਇਨ੍ਹਾਂ ਇੰਜਣਾਂ ਦੀ ਸਪੀਡ 200 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਇੰਜਣ ਹਾਲ ਹੀ ’ਚ ਕੋਲਕਾਤਾ ਦੀ ਰੇਲ ਕੋਚ ਫੈਕਟਰੀ ’ਚ ਬਣ ਕੇ ਤਿਆਰ ਹੋਏ ਹਨ ਅਤੇ ਛੇਤੀ ਹੀ ਇਹ ਇੰਜਣ ਗਤੀਮਾਨ, ਰਾਜਧਾਨੀ ਅਤੇ ਸ਼ਤਾਬਦੀ ਐਕਸਪ੍ਰੈੱਸ ਨਾਲ ਅਟੈਚ ਕਰ ਦਿੱਤੇ ਜਾਣਗੇ। ਦੀਪਕ ਕੁਮਾਰ ਨੇ ਦੱਸਿਆ ਕਿ ਹੁਣ ਗਤੀਮਾਨ, ਰਾਜਧਾਨੀ ਅਤੇ ਸ਼ਤਾਬਦੀ ਐਕਸਪ੍ਰੈੱਸ ਨਾਲ ਜੁੜੇ ਇੰਜਣਾਂ ਦੀ ਵੱਧ ਤੋਂ ਵੱਧ ਸਪੀਡ 160 ਕਿਲੋਮੀਟਰ ਪ੍ਰਤੀ ਘੰਟਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ’ਚ ਹਰ ਰੋਜ਼ ਲਗਭਗ ਢਾਈ ਕਰੋੜ ਲੋਕ ਰੇਲ ਗੱਡੀਅਾਂ ’ਚ ਸਫਰ ਕਰਦੇ ਹਨ। ਯਾਤਰੀਅਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਛੇਤੀ ਹੀ ਸਾਰੇ ਰੇਲ ਇੰਜਣਾਂ ’ਚ ਅਜਿਹੇ ਕੈਮਰੇ ਲਾਏ ਜਾਣਗੇ।
ਭਾਰਤ ’ਚ ਵਾਪਰੇ ਵੱਡੇ ਰੇਲ ਹਾਦਸੇ-
*     19 ਅਕਤੂਬਰ 2018 ਨੂੰ  ਅੰਮ੍ਰਿਤਸਰ ’ਚ ਦੁਸਹਿਰਾ ਉਤਸਵ ਦੌਰਾਨ 61 ਲੋਕਾਂ ਦੀ ਟਰੇਨ ਨਾਲ ਕੱਟ ਕੇ ਮੌਤ।
*    ਅਾਂਧਰਾ ਪ੍ਰਦੇਸ਼ ਦੇ ਵਿਜੇਨਗਰਮ ਜ਼ਿਲੇ ’ਚ 22 ਜਨਵਰੀ 2017 ਨੂੰ ਹੀਰਾਖੰਡ ਐਕਸਪ੍ਰੈੱਸ ਦੇ 8 ਡੱਬੇ ਪਟੜੀ ਤੋਂ ਉਤਰਨ ਕਾਰਨ ਲਗਭਗ 39 ਲੋਕਾਂ ਦੀ ਮੌਤ ਹੋਈ।
*    ਕਾਨਪੁਰ ਨੇੜੇ ਪੁਰਰਾਇਅਾਂ ’ਚ 20 ਨਵੰਬਰ 2016 ਨੂੰ ਇਕ ਵੱਡਾ ਰੇਲ ਹਾਦਸਾ ਵਾਪਰਿਆ, ਜਿਸ ’ਚ 150 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।
*    ਦੇਹਰਾਦੂਨ ਤੋਂ ਵਾਰਾਣਸੀ ਜਾ ਰਹੀ ਜਨਤਾ ਐਕਸਪ੍ਰੈੱਸ 20 ਮਾਰਚ 2015 ਨੂੰ ਪਟੜੀ ਤੋਂ ਉਤਰ ਗਈ ਸੀ। ਇਸ ਹਾਦਸੇ ’ਚ 34 ਲੋਕ ਮਾਰੇ ਗਏ ਸਨ।
*    ਪੱਛਮੀ ਬੰਗਾਲ ’ਚ 28 ਮਈ 2010 ਨੂੰ ਸ਼ੱਕੀ ਨਸਲੀ ਹਮਲੇ ’ਚ ਗਿਆਨੇਸ਼ਵਰੀ ਐਕਸਪ੍ਰੈੱਸ ਪਟੜੀ ਤੋਂ ਉਤਰ ਗਈ। ਇਸ ਹਾਦਸੇ ’ਚ 170 ਲੋਕਾਂ ਦੀ ਮੌਤ ਹੋ ਗਈ। 
 


Related News