IAF ਨੇ ਰਚਿਆ ਇਤਿਹਾਸ, ਕਾਰਗਿਲ ''ਚ ਪਹਿਲੀ ਵਾਰ C-130 ਜਹਾਜ਼ ਦੀ ''ਨਾਈਟ ਲੈਂਡਿੰਗ''

Monday, Jan 08, 2024 - 11:07 AM (IST)

ਨਵੀਂ ਦਿੱਲੀ/ਲੱਦਾਖ- ਲੱਦਾਖ ਦੇ ਕਾਰਗਿਲ 'ਚ ਭਾਰਤੀ ਹਵਾਈ ਫੌਜ ਦਾ ਸੀ-130 ਜੇ ਸੁਪਰ ਹਰਕਿਊਲਿਸ ਜਹਾਜ਼ ਦੀ ਰਾਤ ਸਮੇਂ ਲੈਂਡਿੰਗ ਕਰਵਾ ਕੇ ਇਤਿਹਾਸ ਰਚਿਆ ਗਿਆ ਹੈ। ਹਵਾਈ ਫ਼ੌਜ ਨੇ ਸੋਸ਼ਲ ਮੀਡੀਆ 'ਤੇ ਇਸ ਦਾ ਵੀਡੀਓ ਜਾਰੀ ਕੀਤਾ। ਵੀਡੀਓ ਨਾਲ ਹਵਾਈ ਫ਼ੌਜ ਨੇ ਲਿਖਿਆ ਕਿ ਸੀ-130 ਜੇ ਸੁਪਰ ਹਰਕਿਊਲਿਸ ਜਹਾਜ਼ ਨੂੰ ਰਾਤ ਵੇਲੇ ਪਹਿਲੀ ਵਾਰ ਕਾਰਗਿਲ 'ਚ ਉਤਾਰ ਕੇ ਇਤਿਹਾਸ ਰਚਿਆ ਗਿਆ। ਹੁਣ ਰਾਤ ਦੇ ਹਨ੍ਹੇਰੇ ਵਿਚ ਵੀ ਨਿਗਰਾਨੀ ਅਤੇ ਦੁਸ਼ਮਣਾਂ 'ਤੇ ਹਮਲਾ ਕੀਤਾ ਜਾ ਸਕਦਾ ਹੈ। ਇਹ ਖ਼ਾਸ ਤਰ੍ਹਾਂ ਦਾ ਫ਼ੌਜੀ ਅਭਿਆਨ ਹੁੰਦਾ ਹੈ, ਜੋ ਦੁਸ਼ਮਣ ਤੋਂ ਲੁੱਕਾ ਕੇ ਆਪਣੇ ਮਿਸ਼ਨ ਨੂੰ ਅੰਜ਼ਾਮ ਤੱਕ ਪਹੁੰਚਾਉਣ ਲਈ ਕੀਤਾ ਜਾਂਦਾ ਹੈ। 

ਸੂਤਰਾਂ ਨੇ ਦੱਸਿਆ ਕਿ ਕਾਰਗਿਲ ਹਵਾਈ ਪੱਟੀ ’ਤੇ ਰਣਨੀਤਕ ਜਹਾਜ਼ ਨੂੰ ਰਾਤ ਵੇਲੇ ਉਤਾਰਿਆ ਜਾਣਾ ਰਣਨੀਤਕ ਤੌਰ ’ਤੇ ਮਹੱਤਵਪੂਰਨ ਖੇਤਰ ’ਚ ਭਾਰਤੀ ਹਵਾਈ ਫੌਜ ਦੀ ਸੰਚਾਲਨ ਸਮਰੱਥਾ ਨੂੰ ਦਰਸਾਉਂਦਾ ਹੈ। ਇਸ ਜਹਾਜ਼ ’ਚ ਗਰੁੜ ਕਮਾਂਡੋ ਸਵਾਰ ਸਨ। ਹਵਾਈ ਫੌਜ ਦੇ ਜਹਾਜ਼ ਪਹਿਲਾਂ ਵੀ ‘ਐਡਵਾਂਸਡ ਲੈਂਡਿੰਗ ਗਰਾਊਂਡ’ ਤੋਂ ਉਡਾਣ ਭਰ ਚੁੱਕੇ ਹਨ ਅਤੇ ਇਹ ਪਹਿਲੀ ਵਾਰ ਸੀ ਜਦੋਂ ਕੋਈ ਟਰਾਂਸਪੋਰਟ ਜਹਾਜ਼ ਰਾਤ ਵੇਲੇ ਇਸ ਹਵਾਈ ਪੱਟੀ ’ਤੇ ਉਤਰਿਆ। 

 

ਦੱਸ ਦੇਈਏ ਕਿ ਕਾਰਗਿਲ ਹਵਾਈ ਪੱਟੀ ਲਗਭਗ 10,500 ਫੁੱਟ ਦੀ ਉਚਾਈ ’ਤੇ ਸਥਿਤ ਹੈ। ਇਹ ਇਲਾਕਾ ਉੱਚੀਆਂ ਪਹਾੜੀਆਂ ਅਤੇ ਸੰਘਣੇ ਜੰਗਲਾਂ ਨਾਲ ਘਿਰਿਆ ਹੋਇਆ ਹੈ। ਇੱਥੇ ਲੈਂਡਿੰਗ ਕਾਫੀ ਮੁਸ਼ਕਲ ਮੰਨੀ ਜਾਂਦੀ ਹੈ। ਰਾਤ ਦੇ ਹਨ੍ਹੇਰੇ ਵਿਚ ਲੈਂਡਿੰਗ ਕਰਨਾ ਹੋਰ ਵੀ ਚੁਣੌਤੀਪੂਰਨ ਹੁੰਦੀ ਹੈ। ਰੱਖਿਆ ਮੰਤਰਾਲਾ ਸੰਚਾਲਨ ਦੀਆਂ ਜ਼ਰੂਰਤਾਂ ਅਨੁਸਾਰ ‘ਐਡਵਾਂਸਡ ਲੈਂਡਿੰਗ ਗਰਾਊਂਡ’ (ਏ. ਐੱਲ. ਜੀ.) ਸਮੇਤ ਅਸਲ ਕੰਟਰੋਲ ਰੇਖਾ ਨਾਲ ਲੱਗਦੀਆਂ ਲਗਭਗ ਸਾਰੀਆਂ ਹਵਾਈ ਪੱਟੀਆਂ ’ਚ ਬੁਨਿਆਦੀ ਢਾਂਚੇ ਨੂੰ ਵਧਾਉਣ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਭਾਰਤ ਨੇ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਯਾਨੀ ਕਿ ਐੱਲ. ਏ. ਸੀ. 'ਤੇ 68 ਹਜ਼ਾਰ ਤੋਂ ਵਧੇਰੇ ਜਵਾਨਾਂ ਨੂੰ ਤਾਇਨਾਤ ਕੀਤਾ ਹੈ।


Tanu

Content Editor

Related News