NIA ਨੇ ਤਹੱਵੁਰ ਰਾਣਾ ਦੇ ਲਏ ਵਾਇਸ ਅਤੇ ਹੈਂਡਰਾਈਟਿੰਗ ਸੈਂਪਲ

Saturday, May 03, 2025 - 08:41 PM (IST)

NIA ਨੇ ਤਹੱਵੁਰ ਰਾਣਾ ਦੇ ਲਏ ਵਾਇਸ ਅਤੇ ਹੈਂਡਰਾਈਟਿੰਗ ਸੈਂਪਲ

ਨਵੀਂ ਦਿੱਲੀ, (ਅਨਸ)- ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਸ਼ਨੀਵਾਰ ਨੂੰ 26/11 ਮੁੰਬਈ ਹਮਲੇ ਦੇ ਸਾਜ਼ਿਸ਼ਕਰਤਾ ਤਹੱਵੁਰ ਰਾਣਾ ਦੀ ਵਾਇਸ ਅਤੇ ਹੈਂਡਰਾਈਟਿੰਗ ਦੇ ਸੈਂਪਲ ਲਏ ਹਨ। ਵੀਰਵਾਰ ਨੂੰ ਐੱਨ. ਆਈ. ਏ. ਕੋਰਟ ਨੇ ਰਾਣਾ ਦੀ ਵਾਇਸ ਅਤੇ ਹੈਂਡਰਾਈਟਿੰਗ ਦੇ ਸੈਂਪਲ ਲੈਣ ਦੀ ਇਜਾਜ਼ਤ ਦਿੱਤੀ ਸੀ। ਹਾਲਾਂਕਿ ਤਹੱਵੁਰ ਰਾਣਾ ਦੇ ਵਕੀਲ ਨੇ ਇਸਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਇਸਦੀ ਕੋਈ ਲੋੜ ਨਹੀਂ ਹੈ।

ਐੱਨ. ਆਈ. ਏ. ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਰਾਣਾ ਦੀ ਪੁਰਾਣੀ ਫੋਨ ਕਾਲ ਰਿਕਾਰਡਿੰਗ ਦੇ ਆਧਾਰ ’ਤੇ ਉਸਦੀ ਆਵਾਜ਼ ਦੀ ਵਿਗਿਆਨਕ ਤੌਰ ’ਤੇ ਤਸਦੀਕ ਕਰਨੀ ਜ਼ਰੂਰੀ ਹੈ। ਅਦਾਲਤ ਨੇ ਇਸ ਦਲੀਲ ਨੂੰ ਪ੍ਰਵਾਨ ਕਰਦੇ ਹੋਏ ਸੈਂਪਲ ਲੈਣ ਦੀ ਇਜਾਜ਼ਤ ਦੇ ਦਿੱਤੀ।

ਤਹੱਵੁਰ ਰਾਣਾ 10 ਮਈ ਤਕ ਐੱਨ. ਆਈ. ਏ. ਦੀ ਹਿਰਾਸਤ ’ਚ ਹੈ। ਇਸ ਤੋਂ ਬਾਅਦ ਉਸਦੀ ਹਿਰਾਸਤ ਵਧਣੀ ਮੁਸ਼ਕਲ ਹੋ ਸਕਦੀ ਹੈ, ਇਸ ਲਈ ਜਾਂਚ ਏਜੰਸੀ ਨੂੰ ਇਸ ਅਰਸੇ ਦੌਰਾਨ ਸਾਰੀਆਂ ਜ਼ਰੂਰੀ ਪ੍ਰਕਿਰਿਆਵਾਂ ਪੂਰੀਆਂ ਕਰਨੀਆਂ ਪੈਣਗੀਆਂ। 10 ਮਈ ਨੂੰ ਰਾਣਾ ਨੂੰ ਤਿਹਾੜ ਜੇਲ ਦੇ ਉੱਚ-ਸੁਰੱਖਿਆ ਵਾਲੇ ਸੈੱਲ ਵਿਚ ਤਬਦੀਲ ਕੀਤੇ ਜਾਣ ਦੀ ਸੰਭਾਵਨਾ ਹੈ।   


author

Rakesh

Content Editor

Related News