NIA ਨੇ 3 ਹਜ਼ਾਰ ਕਰੋੜ ਰੁਪਏ ਦੀ ਹੈਰੋਇਨ ਅਤੇ ਹਥਿਆਰਾਂ ਨਾਲ ਸ਼੍ਰੀਲੰਕਾਈ ਕਿਸ਼ਤੀ ਜ਼ਬਤ ਕੀਤੀ

08/17/2021 12:16:42 PM

ਚੇਨਈ- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਈਰਾਨ ਅਤੇ ਪਾਕਿਸਤਾਨ ਤੋਂ ਸ਼੍ਰੀਲੰਕਾ ’ਚ ਹਥਿਆਰਾਂ, ਗੋਲਾ-ਬਾਰੂਦ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਚ ਸ਼ਾਮਲ ਲੋਕਾਂ ਦੇ ਤਾਮਿਲਨਾਡੂ ਅਤੇ ਕੇਰਲ ਸਥਿਤ 7 ਕੰਪਲੈਕਸਾਂ ’ਤੇ ਸ਼ਨੀਵਾਰ ਨੂੰ ਛਾਪੇਮਾਰੀ ਕੀਤੀ। ਐੱਨ.ਆਈ.ਏ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਤਾਮਿਲਨਾਡੂ ਦੇ ਚੇਨਈ ਅਤੇ ਤਿਰੂਵਲੂਰ ਜ਼ਿਲ੍ਹਿਆਂ ਅਤੇ ਕੇਰਲ ਦੇ ਐਰਨਾਕੁਲਮ ਜ਼ਿਲ੍ਹੇ ’ਚ ਛਾਪੇ ਮਾਰੇ ਗਏ। ਹਥਿਆਰ ਕਾਨੂੰਨ ਅਤੇ ਭਾਰਤੀ ਸਜ਼ਾ ਜ਼ਾਬਤਾ ਦੀਆਂ ਧਾਰਾਵਾਂ ਦੇ ਅਧੀਨ ਅਪ੍ਰੈਲ ’ਚ ਤ੍ਰਿਵੇਂਦਰਮ ’ਚ 6 ਸ਼੍ਰੀਲੰਕਾਈ ਨਾਗਰਿਕਾਂ ਨੂੰ ਰੋਕਿਆ ਸੀ ਅਤੇ ਉਨ੍ਹਾਂ ਕੋਲੋਂ 300 ਕਿਲੋਗ੍ਰਾਮ ਹੈਰੋਇਨ, 5 ਏ.ਕੇ.-47 ਰਾਈਫਲ ਅਤੇ ਇਕ ਹਜ਼ਾਰ ਕਾਰਤੂਸ ਜ਼ਬਤ ਕੀਤੇ ਗਏ ਸਨ। ਐੱਨ.ਆਈ.ਏ. ਨੇ ਮਈ ’ਚ ਇਸ ਮਾਮਲੇ ਨੂੰ ਮੁੜ ਦਰਜ ਕੀਤਾ ਸੀ ਅਤੇ ਜਾਂਚ ਦੌਰਾਨ 2 ਅਗਸਤ ਨੂੰ 2 ਹੋਰ ਦੋਸ਼ੀਆਂ ਸੁਰੇਸ਼ ਅਤੇ ਸੌਂਦਰਾਜਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਐੱਨ.ਆਈ.ਏ. ਅਧਿਕਾਰੀ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਪਾਬੰਦੀਸ਼ੁਦਾ ਸੰਗਠਨ ਲਿਬਰੇਸ਼ਨ ਟਾਈਗਰਜ਼ ਆਫ਼ ਤਮਿਲ ਈਲਮ (ਲਿੱਟੇ) ਨਾਲ ਸੰਬੰਧਤ ਕਿਤਾਬਾਂ, ਮੋਬਾਇਲ ਫੋਨ, ਸਿਮ ਕਾਰਡ ਅਤੇ ਟੈਬਲੇਟ ਸਮੇਤ 7 ਡਿਜ਼ੀਟਲ ਉਪਕਰਣ ਜ਼ਬਤ ਕੀਤੇ ਗਏ ਹਨ। ਮਾਮਲੇ ਦੀ ਜਾਂਚ ਜਾਰੀ ਹੈ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਅਤੇ ਸ਼ੱਕੀ ਈਰਾਨ ਅਤੇ ਪਾਕਿਸਤਾਨ ਤੋਂ ਸ਼੍ਰੀਲੰਕਾ ’ਚ ਹਥਿਆਰਾਂ, ਗੋਲਾ-ਬਾਰੂਦਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਚ ਸ਼ਾਮਲ ਸਨ। ਲਕਸ਼ਦੀਪ ਦੇ ਮਿਨੀਕਾਏ ’ਚ ਤੱਟਰੱਖਿਅਕ ਫ਼ੋਰਸ ਨੇ 18 ਮਾਰਚ ਨੂੰ ਸ਼੍ਰੀਲੰਕਾ ਦੀ ਇਕ ਕਿਸ਼ਤੀ ਤੋਂ 3000 ਕਰੋੜ ਰੁਪਏ ਮੁੱਲ ਦੇ ਕਰੀਬ 300 ਕਿਲੋਗ੍ਰਾਮ ਨਸ਼ੀਲੇ ਪਦਾਰਥ, 5 ਮਾਰਚ ਨੂੰ ਮਿਨੀਕਾਏ ’ਚ ਸ਼੍ਰੀਲੰਕਾ ਦੇ ਇਕ ਬੇੜੇ ਨੂੰ ਫੜਿਆ ਸੀ, ਜਿਸ ’ਤੇ ਚਾਲਕ ਦਲ ਦੇ 6 ਮੈਂਬਰ ਸਵਾਰ ਸਨ। ਤੱਟਰੱਖਿਅਕ ਫ਼ੋਰਸ ਨੇ ਪਿਛਲੇ ਸਾਲ ਨਵੰਬਰ ’ਚ ਇਸੇ ਤਰ੍ਹਾਂ ਦੀ ਇਕ ਮੁਹਿੰਮ ’ਚ ਕੰਨਿਆਕੁਮਾਰੀ ਕੋਲੋਂ ਇਕ ਸ਼੍ਰੀਲੰਕਾਈ ਕਿਸ਼ਤੀ ਜ਼ਬਤ ਕੀਤੀ ਸੀ, ਜਿਸ ’ਚੋਂ ਲਗਭਗ 1000 ਕਰੋੜ ਰੁਪਏ ਦੇ 120 ਕਿਲੋਗ੍ਰਾਮ ਨਸ਼ੀਲੇ ਪਦਾਰਥ ਅਤੇ 5 ਹਥਿਆਰ ਬਰਾਮਦ ਕੀਤੇ ਗਏ ਸਨ। ਏਜੰਸੀ ਨੇ ਪਿਛਲੇ ਇਕ ਸਾਲ ਦੌਰਾਨ ਕਰੀਬ 4900 ਕਰੋੜ ਰੁਪਏ ਮੁੱਲ ਦੇ ਲਗਭਗ 1.6 ਟਨ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ।


DIsha

Content Editor

Related News