ਜੰਮੂ-ਕਸ਼ਮੀਰ ’ਚ ਕਈ ਥਾਵਾਂ ’ਤੇ NIA ਦੀ ਛਾਪੇਮਾਰੀ

Thursday, Nov 25, 2021 - 06:31 PM (IST)

ਜੰਮੂ-ਕਸ਼ਮੀਰ ’ਚ ਕਈ ਥਾਵਾਂ ’ਤੇ NIA ਦੀ ਛਾਪੇਮਾਰੀ

ਸ਼੍ਰੀਨਗਰ (ਵਾਰਤਾ)— ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਵੀਰਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ’ਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਐੱਨ. ਆਈ. ਏ. ਨੇ ਸ਼੍ਰੀਨਗਰ ਅਤੇ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ’ਚ 4 ਥਾਵਾਂ ’ਤੇ ਤਲਾਸ਼ੀ ਲਈ ਗਈ ਹੈ। ਇਸ ਦੌਰਾਨ ਜਿੱਥੇ ਐੱਨ. ਆਈ. ਏ. ਦੇ ਅਧਿਕਾਰੀ ਤਲਾਸ਼ੀ ਲੈ ਰਹੇ ਸਨ, ਉੱਥੇ ਹੀ ਵੱਡੀ ਗਿਣਤੀ ਵਿਚ ਪੁਲਸ ਅਤੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਸੀ।

ਅਧਿਕਾਰੀਆਂ ਮੁਤਾਬਕ ਮਨੁੱਖੀ ਅਧਿਕਾਰ ਵਰਕਰ ਪਰਵੇਜ਼ ਇਮਰੋਜ਼ ਦੀ ਰਿਹਾਇਸ਼ ’ਤੇ ਛਾਪੇ ਦੀ ਕਾਰਵਾਈ ਕੀਤੀ ਗਈ। ਐੱਨ. ਆਈ. ਏ. ਦੇ ਛਾਪੇ ਦੀ ਤਾਜ਼ਾ ਕਾਰਵਾਈ ਉਦੋਂ ਹੋਈ ਹੈ, ਜਦੋਂ ਕੁਝ ਦਿਨ ਪਹਿਲਾਂ ਹੀ ਮਨੁੱਖੀ ਅਧਿਕਾਰ ਵਰਕਰ ਖੁਰਰਮ ਪਰਵੇਜ਼ ਨੂੰ ਐੱਨ. ਆਈ. ਏ. ਨੇ ਅੱਤਵਾਦੀਆਂ ਨੂੰ ਵਿੱਤੀ ਮਦਦ ਦੇਣ ਦੇ ਮਾਮਲੇ ਵਿਚ ਗਿ੍ਰਫ਼ਤਾਰ ਕੀਤਾ ਸੀ। ਇਸ ਦਰਮਿਆਨ ਇਮਰੋਜ਼ ਦੇ ਪਰਿਵਾਰ ਨੇ ਛਾਪੇ ਦੀ ਗੱਲ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਨੇ ਕਿਹਾ ਕਿ ਅੱਜ ਛਾਪੇ ਦੀ ਕੋਈ ਕਾਰਵਾਈ ਨਹੀਂ ਹੋਈ ਹੈ, ਇਹ ਫਰਜ਼ੀ ਖ਼ਬਰ ਹੈ।


author

Tanu

Content Editor

Related News