ਅੱਤਵਾਦੀ ਸਾਜ਼ਿਸ਼ ਰਚਣ ਦੇ ਮਾਮਲੇ ''ਚ NIA ਵਲੋਂ ਜੰਮੂ-ਕਸ਼ਮੀਰ ''ਚ 13 ਥਾਵਾਂ ''ਤੇ ਛਾਪੇਮਾਰੀ
Monday, May 15, 2023 - 11:26 AM (IST)
ਸ਼੍ਰੀਨਗਰ- ਰਾਸ਼ਟਰੀ ਜਾਂਚ ਏਜੰਸੀ (NIA) ਨੇ ਅੱਤਵਾਦੀ ਸਾਜਿਸ਼ ਰਚਣ ਦੇ ਮਾਮਲੇ 'ਚ ਸੋਮਵਾਰ ਨੂੰ ਜੰਮੂ-ਕਸ਼ਮੀਰ ਵਿਚ 13 ਥਾਵਾਂ 'ਤੇ ਛਾਪੇਮਾਰੀ ਕੀਤੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕਸ਼ਮੀਰ ਘਾਟੀ ਦੇ ਬੜਗਾਮ, ਸ਼ੋਪੀਆਂ, ਪੁਲਵਾਮਾ, ਸ਼੍ਰੀਨਗਰ ਅਤੇ ਅਨੰਤਨਾਗ ਜ਼ਿਲ੍ਹਿਆਂ 'ਚ 13 ਥਾਵਾਂ 'ਤੇ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਛਾਪੇ ਜੰਮੂ 'ਚ 2022 'ਚ ਦਰਜ ਇਕ ਅੱਤਵਾਦੀ ਸਾਜਿਸ਼ ਰਚਣ ਦੇ ਮਾਮਲੇ 'ਚ ਚੱਲ ਰਹੀ ਜਾਂਚ ਦਾ ਹਿੱਸਾ ਹੈ।
ਸੂਤਰਾਂ ਨੇ ਦੱਸਿਆ ਕਿ ਆਰਸੀ5/2022/ਐੱਨ. ਆਈ. ਏ./ਜੇ. ਐੱਮ. ਯੂ. ਮਾਮਲੇ 'ਚ ਤਲਾਸ਼ੀ ਚੱਲ ਰਹੀ ਹੈ। ਇਹ ਮਾਮਲਾ ਭੌਤਿਕ ਅਤੇ ਸਾਈਬਰ ਸਪੇਸ ਦੋਹਾਂ 'ਚ ਸਾਜਿਸ਼ ਰਚਣ ਅਤੇ ਜੰਮੂ-ਕਸ਼ਮੀਰ ਵਿਚ ਚਿਪਕਾਉਣ ਵਾਲੇ ਬੰਬਾਂ, ਅਤਿ-ਆਧੁਨਿਕ ਸ਼ਕਤੀਸ਼ਾਲੀ ਵਿਸਫੋਟਕਾਂ ਅਤੇ ਛੋਟੇ ਹਥਿਆਰਾਂ ਤੋਂ ਹਿੰਸਕ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦੇਣ ਲਈ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਵਲੋਂ ਯੋਜਨਾ ਬਣਾਏ ਜਾਣ ਨਾਲ ਸਬੰਧਤ ਹੈ।
ਇਹ ਯੋਜਨਾਵਾਂ ਇਨ੍ਹਾਂ ਅੱਤਵਾਦੀ ਸੰਗਠਨਾਂ ਵਲੋਂ ਜੰਮੂ ਅਤੇ ਕਸ਼ਮੀਰ 'ਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ, ਸਥਾਨਕ ਨੌਜਵਾਨਾਂ ਨਾਲ ਮਿਲ ਕੇ ਦਹਿਸ਼ਤ ਅਤੇ ਹਿੰਸਾ ਦੀਆਂ ਕਾਰਵਾਈਆਂ ਕਰਨ ਲਈ ਰਚੀ ਗਈ ਇਕ ਵੱਡੀ ਸਾਜ਼ਿਸ਼ ਦਾ ਹਿੱਸਾ ਹਨ। NIA ਨੇ ਪਿਛਲੇ ਹਫ਼ਤੇ ਇਸੇ ਮਾਮਲੇ 'ਚ ਜੰਮੂ-ਕਸ਼ਮੀਰ 'ਚ ਅੱਤਵਾਦੀ ਸੰਗਠਨਾਂ ਦੇ ਮੈਂਬਰਾਂ ਅਤੇ ਹਾਈਬ੍ਰਿਡ ਅੱਤਵਾਦੀਆਂ ਅਤੇ ਕਈ ਪ੍ਰਮੁੱਖ ਪਾਬੰਦੀਸ਼ੁਦਾ ਪਾਕਿਸਤਾਨ ਸਹਿਯੋਗੀ ਅੱਤਵਾਦੀ ਸੰਗਠਨਾਂ ਦੇ ਨਵੇਂ ਬਣੇ ਸੰਗਠਨਾਂ ਅਤੇ ਸਹਿਯੋਗੀਆਂ ਨਾਲ ਜੁੜੇ ਅੱਤਵਾਦੀਆਂ ਦੇ ਟਿਕਾਣਿਆਂ ਦੀ ਵਿਆਪਕ ਤਲਾਸ਼ੀ ਲਈ ਸੀ।