NIA ਨੇ ਰੱਖਿਆ ਸੰਬੰਧੀ ਖੁਫ਼ੀਆ ਜਾਣਕਾਰੀ ਲੀਕ ਕਰਨ ਦੇ ਮਾਮਲੇ ''ਚ 7 ਰਾਜਾਂ ''ਚ ਮਾਰੇ ਛਾਪੇ

Thursday, Aug 29, 2024 - 02:33 PM (IST)

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਪਾਕਿਸਤਾਨੀ ਜਾਸੂਸ ਗਿਰੋਹ ਰਾਹੀਂ ਰੱਖਿਆ ਸੰਬੰਧੀ ਗੁਪਤ ਜਾਣਕਾਰੀ ਲੀਕ ਹੋਣ ਦੇ ਮਾਮਲੇ ਦੀ ਜਾਂਚ ਲਈ 7 ਰਾਜਾਂ ਵਿਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਵੀਰਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਇਸ ਵਿਚ ਕਿਹਾ ਗਿਆ ਹੈ ਕਿ ਬੁੱਧਵਾਰ ਨੂੰ ਐੱਨ.ਆਈ.ਏ. ਟੀਮ ਦੁਆਰਾ ਛਾਪੇਮਾਰੀ ਕੀਤੀ ਗਈ ਜਗ੍ਹਾ ਸ਼ੱਕੀ ਲੋਕਾਂ ਨਾਲ ਜੁੜੀ ਹੋਈ ਸੀ ਜਿਨ੍ਹਾਂ ਨੇ ਕਥਿਤ ਤੌਰ 'ਤੇ ਭਾਰਤ ਵਿਚ ਜਾਸੂਸੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਤੋਂ ਫੰਡ ਪ੍ਰਾਪਤ ਕੀਤਾ ਸੀ। NIA ਦੇ ਬਿਆਨ 'ਚ ਕਿਹਾ ਗਿਆ ਹੈ,''ਪਾਕਿਸਤਾਨੀ ISI ਜਾਸੂਸੀ ਗਿਰੋਹ ਰਾਹੀਂ ਰੱਖਿਆ ਖੁਫੀਆ ਜਾਣਕਾਰੀ ਲੀਕ ਕਰਨ ਦੇ ਮਾਮਲੇ 'ਚ ਗੁਜਰਾਤ, ਕਰਨਾਟਕ, ਕੇਰਲ, ਤੇਲੰਗਾਨਾ, ਉੱਤਰ ਪ੍ਰਦੇਸ਼, ਬਿਹਾਰ ਅਤੇ ਹਰਿਆਣਾ 'ਚ 16 ਟਿਕਾਣਿਆਂ 'ਤੇ ਛਾਪੇ ਮਾਰੇ ਗਏ।'' ਐੱਨ.ਆਈ.ਏ. ਦੀ ਛਾਪੇਮਾਰੀ ਦੌਰਾਨ 22 ਮੋਬਾਈਲ ਫੋਨ ਅਤੇ ਕਈ ਸੰਵੇਦਨਸ਼ੀਲ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਐੱਨ.ਆਈ.ਏ ਨੇ ਜੁਲਾਈ 2023 'ਚ ਕੇਸ ਨੂੰ ਆਪਣੇ ਹੱਥ 'ਚ ਲਿਆ, ਜੋ ਅਸਲ 'ਚ ਆਂਧਰਾ ਪ੍ਰਦੇਸ਼ ਦੇ 'ਕਾਊਂਟਰ-ਇੰਟੈਲੀਜੈਂਸ ਸੈੱਲ' ਦੁਆਰਾ ਜਨਵਰੀ 2021 'ਚ ਦਰਜ ਕੀਤਾ ਗਿਆ ਸੀ।

ਜਾਂਚ ਏਜੰਸੀ ਨੇ ਕਿਹਾ ਕਿ ਇਹ ਮਾਮਲਾ ਸਰਹੱਦ ਪਾਰੋਂ ਰਚੀ ਗਈ ਭਾਰਤ ਵਿਰੋਧੀ ਸਾਜ਼ਿਸ਼ ਦੇ ਹਿੱਸੇ ਵਜੋਂ ਭਾਰਤੀ ਜਲ ਸੈਨਾ ਨਾਲ ਸਬੰਧਤ ਸੰਵੇਦਨਸ਼ੀਲ ਮਹੱਤਵਪੂਰਨ ਜਾਣਕਾਰੀਆਂ ਨੂੰ ਲੀਕ ਕਰਨ ਨਾਲ ਸਬੰਧਤ ਹੈ। NIA ਨੇ 19 ਜੁਲਾਈ 2023 ਨੂੰ ਫਰਾਰ ਪਾਕਿਸਤਾਨੀ ਨਾਗਰਿਕ ਮੀਰ ਬਾਲਾਜ਼ ਖਾਨ ਸਮੇਤ ਦੋ ਦੋਸ਼ੀਆਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ। NIA ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਖਾਨ, ਗ੍ਰਿਫ਼ਤਾਰ ਦੋਸ਼ੀ ਆਕਾਸ਼ ਸੋਲੰਕੀ ਦੇ ਨਾਲ ਜਾਸੂਸੀ ਗਿਰੋਹ 'ਚ ਸ਼ਾਮਲ ਸੀ। ਐੱਨ.ਆਈ.ਏ. ਨੇ 6 ਨਵੰਬਰ, 2023 ਨੂੰ ਦੋ ਹੋਰ ਦੋਸ਼ੀਆਂ, ਮਨਮੋਹਨ ਸੁਰੇਂਦਰ ਪਾਂਡਾ ਅਤੇ ਐਲਵੇਨ ਦੇ ਖ਼ਿਲਾਫ਼ ਇਕ ਪੂਰਕ ਚਾਰਜਸ਼ੀਟ ਦਾਇਰ ਕੀਤੀ। ਬਿਆਨ 'ਚ ਕਿਹਾ ਗਿਆ ਹੈ ਕਿ ਪਾਂਡਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਪਾਕਿਸਤਾਨੀ ਜਾਸੂਸੀ ਗਿਰੋਹ ਦਾ ਮੈਂਬਰ ਅਲਵੈਨ ਫਰਾਰ ਹੈ। NIA ਨੇ ਪਾਕਿਸਤਾਨੀ ਖੁਫੀਆ ਏਜੰਟ ਨਾਲ ਸਾਜ਼ਿਸ਼ ਰਚਣ ਦੇ ਦੋਸ਼ 'ਚ ਇਕ ਦੋਸ਼ੀ ਅਮਨ ਸਲੀਮ ਸ਼ੇਖ ਖ਼ਿਲਾਫ਼ ਮਈ 2024 'ਚ ਦੂਜੀ ਪੂਰਕ ਚਾਰਜਸ਼ੀਟ ਦਾਇਰ ਕੀਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


DIsha

Content Editor

Related News