NIA ਨੇ ਜੰਮੂ ਕਸ਼ਮੀਰ ਦੇ ਸੋਪੋਰ ''ਚ ਹਿਜ਼ਬੁਲ ਅੱਤਵਾਦੀ ਦੀ ਜਾਇਦਾਦ ਕੀਤੀ ਕੁਰਕ
Friday, Mar 03, 2023 - 12:54 PM (IST)
ਸ਼੍ਰੀਨਗਰ (ਵਾਰਤਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ ਦੇ ਸੋਪੋਰ ਸ਼ਹਿਰ 'ਚ ਹਿਜ਼ਬੁਲ ਮੁਜਾਹੀਦੀਨ ਦੇ ਅੱਤਵਾਦੀ ਬਾਸਿਤ ਰੇਸ਼ੀ ਦੀ ਜਾਇਦਾਦ ਕੁਰਕ ਕਰ ਲਈ। ਬਾਸਿਤ ਰੇਸ਼ੀ ਖ਼ਿਲਾਫ਼ ਐੱਨ.ਆਈ.ਏ. ਦੀ ਕਾਰਵਾਈ ਏਜੰਸੀ ਵਲੋਂ ਸ਼੍ਰੀਨਗਰ ਸ਼ਹਿਰ 'ਚ ਅਲ-ਉਮਰ ਅੱਤਵਾਦੀ ਸਮੂਹ ਦੇ ਸੰਸਥਾਪਕ ਮੁਸ਼ਤਾਕ ਅਹਿਮਦ ਜ਼ਰਗਰ ਦੀ ਜਾਇਦਾਦ ਕੁਰਕ ਕਰਨ ਦੇ ਇਕ ਦਿਨ ਬਾਅਦ ਆਈ ਹੈ।
ਗ੍ਰਹਿ ਮੰਤਰਾਲਾ ਨੇ ਹਾਲ ਹੀ 'ਚ ਪਾਕਿਸਤਾਨ 'ਚ ਬਾਸਿਤ ਰੇਸ਼ੀ ਨੂੰ ਵਿਨਾਸ਼ਕਾਰੀ ਗਤੀਵਿਧੀਆਂ 'ਚ ਸ਼ਾਮਲ ਹੋਣ ਅਤੇ ਟਾਰਗੇਟ ਕਤਲ 'ਚ ਸ਼ਾਮਲ ਹੋਣ ਲਈ ਗੈਰ-ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਐਕਟ (ਯੂ.ਏ.ਪੀ.ਏ.) ਦੇ ਅਧੀਨ ਨਾਮਜ਼ਦ ਅੱਤਵਾਦੀ ਐਲਾਨ ਕੀਤਾ। ਐੱਨ.ਆਈਏ. ਨੇ ਸੋਪੋਰ ਸ਼ਹਿਰ ਦੇ ਡਾਂਗਰਪੋਰਾ ਇਲਾਕੇ 'ਚ ਬਾਸਿਤ ਰੇਸ਼ੀ ਦੀ ਜਾਇਦਾਦ ਕੁਰਕ ਕੀਤੀ। ਏਜੰਸੀ ਦਾ ਦਾਅਵਾ ਹੈ ਕਿ ਰੇਸ਼ੀ ਨੇ 18 ਅਗਸਤ 2015 ਨੂੰ ਸੋਪੋਰ ਕੋਲ ਤੁਜਰ ਸ਼ੇਰਿਫ 'ਚ ਇਕ ਪੁਲਸ ਚੌਕੀ 'ਤੇ ਹਮਲੇ ਦੀ ਯੋਜਨਾ ਬਣਾਈ ਅਤੇ ਉਸ ਨੂੰ ਅੰਜਾਮ ਦਿੱਤਾ, ਜਿਸ 'ਚ ਇਕ ਪੁਲਸ ਮੁਲਾਜ਼ਮ ਅਤੇ ਇਕ ਨਾਗਰਿਕ ਦੀ ਮੌਤ ਹੋ ਗਈ।