NIA ਨੇ ਕੈਨੇਡਾ ਸਥਿਤ ਵੱਖਵਾਦੀ ਅੱਤਵਾਦੀ ਦੇ ਮੁੱਖ ਸਹਿਯੋਗੀ ਨੂੰ ਕੀਤਾ ਗ੍ਰਿਫ਼ਤਾਰ
Friday, Jul 19, 2024 - 12:26 PM (IST)
ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਕੈਨੇਡਾ ਸਥਿਤ ਵੱਖਵਾਦੀ ਅੱਤਵਾਦੀ ਲਖਬੀਰ ਸਿੰਘ ਸੰਧੂ ਉਰਫ਼ ਲੰਡਾ ਦੇ ਇਕ ਮੁੱਖ ਸਹਿਯੋਗੀ ਨੂੰ ਇਕ ਵੱਡੇ ਅੱਤਵਾਦੀ ਨੈੱਟਵਰਕ ਸੰਬੰਧੀ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰਤ ਬਿਆਨ 'ਚ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਇਹ ਮਾਮਲਾ ਵਪਾਰੀਆਂ ਸਮੇਤ ਹੋਰ ਲੋਕਾਂ ਤੋਂ ਜ਼ਬਰਨ ਵਸੂਲੀ ਲਈ ਖ਼ਤਰਨਾਕ ਹਥਿਆਰਾਂ ਦੀ ਸਪਲਾਈ ਕਰਨ ਨਾਲ ਜੁੜਿਆ ਹੈ। ਐੱਨ.ਆਈ.ਏ. ਨੇ ਇਕ ਬਿਆਨ 'ਚ ਦੱਸਿਆ ਕਿ ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲ੍ਹੇ ਦੇ ਰਹਿਣ ਵਾਲੇ ਬਲਜੀਤ ਸਿੰਘ ਉਰਫ਼ ਰਾਣਾ ਭਾਈ ਉਰਫ਼ ਬੱਲੀ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬਿਆਨ 'ਚ ਕਿਹਾ ਗਿਆ ਹੈ ਕਿ ਬੱਲੀ ਪੰਜਾਬ 'ਚ ਲੰਡਾ ਦੇ ਆਦਮੀਆਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਮੁੱਖ ਵਿਅਕਤੀ ਸੀ।
ਇਸ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਹਥਿਆਰਾਂ ਦਾ ਇਸਤੇਮਾਲ ਵਪਾਰੀਆਂ ਅਤੇ ਹੋਰ ਲੋਕਾਂ ਤੋਂ ਜ਼ਬਰਨ ਵਸੂਲੀ ਕਰਨ ਸਮੇਤ ਅੱਤਵਾਦੀ ਗਤੀਵਿਧੀਆਂ ਨੂੰ ਵੱਡੇ ਪੈਮਾਨੇ 'ਤੇ ਅੰਜਾਮ ਦੇਣ ਲਈ ਕੀਤਾ ਜਾਂਦਾ ਸੀ। ਐੱਨ.ਆਈ.ਏ. ਨੇ ਕਿਹਾ ਕਿ ਮਾਮਲੇ 'ਚ ਐੱਨ.ਆਈ.ਏ. ਦੀ ਜਾਂਚ ਦੌਰਾਨ ਗੁਰਪ੍ਰੀਤ ਸਿੰਘ ਗੋਪੀ ਨਾਮੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੀ ਪਛਾਣ ਲੰਡਾ ਦੇ ਸਹਿਯੋਗੀ ਵਜੋਂ ਕੀਤੀ ਗਈ ਹੈ ਅਤੇ ਇਕ ਹੋਰ ਵੱਖਵਾਦੀ ਅੱਤਵਾਦੀ ਸਤਨਾਮ ਸਿੰਘ ਸੱਤਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਨ.ਆਈ.ਏ. ਨੇ 10 ਜੁਲਾਈ 2023 ਨੂੰ ਖ਼ੁਦ ਨੋਟਿਸ ਲੈਂਦੇ ਹੋਏ ਇਹ ਮਾਮਲਾ ਦਰਜ ਕੀਤਾ ਸੀ। ਮਾਮਲੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਲਜੀਤ ਸਿੰਘ ਨੇ ਪੰਜਾਬ ਅਤੇ ਹੋਰ ਥਾਵਾਂ 'ਤੇ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇ ਕੇ ਭਾਰਤ ਨੂੰ ਅਸਥਿਰ ਕਰਨ ਦੀਆਂ ਵੱਖ-ਵੱਖ ਪਾਬੰਦੀਸ਼ੁਦਾ ਵੱਖਵਾਦੀ ਅੱਤਵਾਦੀ ਸੰਗਠਨਾਂ ਦੀ ਇਕ ਵੱਡੀ ਸਾਜਿਸ਼ ਦੇ ਅਧੀਨ ਸਤਨਾਨ ਸਿੰਘ ਸੱਤਾ ਨੂੰ ਹਥਿਆਰ ਵੀ ਮੁਹੱਈਆ ਕਰਵਾਏ ਸਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਲੰਡਾ ਅਤੇ ਸੱਤਾ ਦੋਵੇਂ ਹੀ ਭਾਰਤ 'ਚ ਅੱਤਵਾਦ ਨੂੰ ਉਤਸ਼ਾਹ ਦੇਣ ਲਈ ਕੈਨੇਡਾ ਤੋਂ ਗਤੀਵਿਧੀਆਂ ਨੂੰ ਅੰਜਾਮ ਦੇਣ 'ਚ ਸ਼ਾਮਲ ਰਹੇ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਐੱਨ.ਆਈ.ਏ. ਵੱਖਵਾਦੀ ਅੱਤਵਾਦੀ ਸੰਗਠਨਾਂ ਖ਼ਿਲਾਫ਼ ਕਾਰਵਾਈ ਦੇ ਅਧੀਨ ਆਪਣੀ ਜਾਂਚ ਜਾਰੀ ਰੱਖੇ ਹੋਏ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e