ਮੀਡੀਆ ਕਾਮਿਆਂ ਦੇ ਪੀੜਤ ਹੋਣ ਦੀ ਅਫਵਾਹ ਫੈਲਾਉਣ ਦੇ ਦੋਸ਼ 'ਚ ਫੌਜ ਅਧਿਕਾਰੀ ਗ੍ਰਿਫਤਾਰ
Saturday, May 23, 2020 - 01:59 PM (IST)
ਨੋਇਡਾ- ਨੋਇਡਾ ਸੈਕਟਰ 85 ਸਥਿਤ ਇਕ ਮੀਡੀਆ ਕਾਮਿਆਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਅਫਵਾਹ ਫੈਲਾਉਣ ਦੇ ਦੋਸ਼ 'ਚ ਥਾਣਾ ਫੇਸ-2 ਪੁਲਸ ਨੇ ਇਕ ਫੌਜ ਅਧਿਕਾਰੀ ਨੂੰ ਸ਼ੁੱਕਰਵਾਰ ਦੇਰ ਰਾਤ ਆਗਰਾ ਤੋਂ ਗ੍ਰਿਫਤਾਰ ਕਰ ਲਿਆ। ਡਿਪਟੀ ਕਮਿਸ਼ਨਰ ਅੰਕੁਰ ਅਗਰਵਾਲ ਨੇ ਦੱਸਿਆ ਕਿ ਸੈਕਟਰ-85 ਸਥਿਤ ਇਕ ਨਿੱਜੀ ਚੈਨਲ 'ਚ ਕੰਮ ਕਰਨ ਵਾਲੇ ਰਾਹੁਲ ਖੰਨਾ ਨੇ ਰਿਪੋਰਟ ਦਰਜ ਕਰਵਾਈ ਕਿ ਰਾਜੇਸ਼ ਨਾਮੀ ਵਿਅਕਤੀ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ 20 ਮਈ ਨੂੰ ਇਕ ਵਿਵਾਦਿਤ ਪੋਸਟ ਪਾਇਆ। ਜਿਸ 'ਚ ਉਸ ਨੇ ਲਿਖਿਆ ਕਿ ਇਕ ਚੈਨਲ ਤੋਂ ਬਾਅਦ ਹੁਣ ਦੂਜੇ ਚੈਨਲ ਦੇ 19 ਕਾਮੇ ਪਾਜ਼ੇਟਿਵ ਪਾਏ ਗਏ ਹਨ।
ਉਨ੍ਹਾਂ ਨੇ ਦੱਸਿਆ ਕਿ ਉਕਤ ਪੋਸਟ ਤੋਂ ਬਾਅਦ ਸੰਬੰਧਤ ਚੈਨਲ ਦੇ ਅਧਿਕਾਰੀਆਂ ਨੇ ਸਿਹਤ ਵਿਭਾਗ ਤੋਂ ਆਪਣੇ ਕਾਮਿਆਂ ਦੀ ਜਾਂਚ ਕਰਵਾਈ। ਜਾਂਚ 'ਚ ਸਾਹਮਣੇ ਆਇਆ ਕਿ ਮੌਜੂਦਾ ਸਮੇਂ 'ਚ ਚੈਨਲ ਦਾ ਕੋਈ ਵੀ ਕਾਮਾ ਪੀੜਤ ਨਹੀਂ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪੁਲਸ ਨੂੰ ਪਤਾ ਲੱਗਾ ਕਿ ਦੋਸ਼ੀ ਆਗਰਾ ਜ਼ਿਲ੍ਹੇ 'ਚ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਰਾਜੇਸ਼ ਨੂੰ ਦੇਰ ਰਾਤ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਫੌਜ 'ਚ ਰਾਡਾਰ ਅਧਿਕਾਰੀ ਦੇ ਰੂਪ 'ਚ ਕੰਮ ਕਰਦਾ ਹੈ ਅਤੇ ਉਸ ਨੂੰ ਆਗਰਾ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਨੂੰ ਗੌਤਮਬੁੱਧ ਨਗਰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਹੈ।