ਡਾਕਟਰਾਂ ਦੀ ਵੱਡੀ ਉਪਲੱਬਧੀ; ਖਰਾਬ ਜਬਾੜੇ ਨੂੰ ਹਟਾ ਕੇ ਪੈਰ ਦੀ ਹੱਡੀ ਨਾਲ ਬਣਾਇਆ ਨਵਾਂ ‘ਜਬਾੜਾ’
Tuesday, Sep 22, 2020 - 03:56 PM (IST)
ਸ਼੍ਰੀਗੰਗਾਨਗਰ— ਰਾਜਸਥਾਨ ਦੇ ਸ਼੍ਰੀਗੰਗਾਨਗਰ ’ਚ ਇਕ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਨੇ ਇਕ ਵਿਅਕਤੀ ਦੇ ਕੈਂਸਰ ਤੋਂ ਖਰਾਬ ਜਬਾੜੇ ਨੂੰ ਹਟਾ ਕੇ ਉਸ ਦੇ ਇਕ ਪੈਰ ਦੀ ਹੱਡੀ ਤੋਂ ਨਵਾਂ ਜਬਾੜਾ ਬਣਾ ਕੇ ਲਾਇਆ। ਇਸ ਤਰ੍ਹਾਂ ਨਵਾਂ ਜਬਾੜਾ ਬਣਾ ਕੇ ਲਾਉਣ ਨਾਲ ਡਾਕਟਰਾਂ ਨੇ ਇਕ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਟਾਂਟੀਆ ਯੂਨੀਵਰਸਿਟੀ ਕੰਪਲੈਕਸ ਵਿਚ ਡਾ. ਐੱਸ. ਐੱਸ. ਟਾਂਟੀਆ ਐੱਮ. ਸੀ. ਐੱਚ ਐਂਡ ਰਿਸਰਚ ਸੈਂਟਰ (ਜਨ ਸੇਵਾ ਹਸਪਤਾਲ) ਦੇ ਮੂੰਹ, ਗਲ਼ ਅਤੇ ਥਾਈਰਾਇਡ ਕੈਂਸਰ ਰੋਗ ਮਹਿਕਮੇ ਨੇ ਇਹ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਮਹਿਕਮੇ ਦੀ ਇਸ ਟੀਮ ਨੇ ਨੱਕ, ਕੰਮ ਅਤੇ ਗਲ਼ ਦੇ ਰੋਗ ਮਾਹਰ ਡਾ. ਮਹੇਸ਼ ਕੇ. ਮੋਹਿਤਾ, ਪਲਾਸਟਿਕ ਸਰਜਨ ਡਾ. ਮਨੋਜ ਗਰਗ ਅਤੇ ਮੈਕਸਿਲੋਫੈਸ਼ੀਅਲ ਅਤੇ ਸਿਰ-ਗਰਦਨ ਸਰਜਨ ਡਾ. ਪੀ. ਸੀ. ਸਵਾਮੀ ਸ਼ਾਮਲ ਰਹੇ।
ਲੱਗਭਗ 9 ਘੰਟੇ ਦੇ ਜਟਿਲ ਆਪਰੇਸ਼ਨ ਤੋਂ ਮਰੀਜ਼ ਦਾ ਕੈਂਸਰ ਵਾਲਾ ਜਬਾੜਾ ਕੱਢਿਆ ਗਿਆ ਅਤੇ ਪੈਰ ਦੀ ਹੱਡੀ ਲੈ ਕੇ ਇਸ ਨੂੰ ਦੁਬਾਰਾ ਬਣਾਇਆ। ਅਜਿਹਾ ਸਫ਼ਲ ਆਪਰੇਸ਼ਨ ਪਹਿਲੀ ਵਾਰ ਹੋਇਆ ਹੈ। ਕਰੀਬ 55 ਸਾਲ ਦੇ ਮਰੀਜ਼ ਦਾ ਤੰਬਾਕੂ, ਜਰਦੇ ਤੋਂ ਕੈਂਸਰ ਕਾਰਨ ਹੇਠਾਂ ਦਾ ਪੂਰਾ ਜਬਾੜਾ ਕੱਢਣਾ ਪਿਆ। ਆਪਰੇਸ਼ਨ ਦੌਰਾਨ ਪੈਰ ਦੀ ਹੱਡੀ ਲੈ ਕੇ ਜਬਾੜਾ ਮੁੜ ਬਣਾ ਦਿੱਤਾ ਗਿਆ। ਇਸ ਜਬਾੜੇ ਦੀ ਸ਼ੇਪ ਅਤੇ ਚਿਹਰਾ ਨਹੀਂ ਵਿਗੜਿਆ, ਮਰੀਜ਼ ਨੂੰ ਸਹੀ ਢੰਗ ਨਾਲ ਖਾਣ-ਪੀਣ ਅਤੇ ਬੋਲਣ ’ਚ ਵੀ ਹੁਣ ਕੋਈ ਮੁਸ਼ਕਲ ਨਹੀਂ ਹੈ।