ਹਿਮਾਚਲ: ਚੈਤਨਯ ਬਣੇ ਸਭ ਤੋਂ ਘੱਟ ਉਮਰ ਦੇ ਵਿਧਾਇਕ, 14ਵੀਂ ਵਿਧਾਨ ਸਭਾ ’ਚ 28 ਤੋਂ 82 ਸਾਲ ਦੇ ਵਿਧਾਇਕ

Saturday, Dec 10, 2022 - 05:05 PM (IST)

ਹਿਮਾਚਲ: ਚੈਤਨਯ ਬਣੇ ਸਭ ਤੋਂ ਘੱਟ ਉਮਰ ਦੇ ਵਿਧਾਇਕ, 14ਵੀਂ  ਵਿਧਾਨ ਸਭਾ ’ਚ 28 ਤੋਂ 82 ਸਾਲ ਦੇ ਵਿਧਾਇਕ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ 14ਵੀਂ ’ਚ ਵਿਧਾਨ ਸਭਾ ’ਚ ਨਵੇਂ ਚੁਣੇ ਵਿਧਾਇਕਾਂ ’ਚੋਂ 70 ਫ਼ੀਸਦੀ ਤੋਂ ਵੱਧ 40 ਤੋਂ 60 ਸਾਲ ਦੀ ਉਮਰ ਦੇ ਹਨ। ਜਦਕਿ ਹਰ ਤੀਜਾ ਵਿਧਾਇਕ ਪਹਿਲੀ ਵਾਰ ਵਿਧਾਨ ਸਭਾ ’ਚ ਐਂਟਰੀ ਕਰੇਗਾ। ਜਿੱਤਣ ਵਾਲੇ ਉਮੀਦਵਾਰਾਂ ਵਲੋਂ ਦਾਇਰ ਹਲਫ਼ਨਾਮੇ ਦੇ ਵਿਸ਼ਲੇਸ਼ਣ ਤੋਂ ਇਹ ਗੱਲ ਸਾਹਮਣੇ ਆਈ ਹੈ। ਦਾਇਰ ਹਲਫ਼ਨਾਮੇ ਮੁਤਾਬਕ 9 ਦੀ ਉਮਰ 40 ਸਾਲ ਤੋਂ ਘੱਟ ਹੈ, ਜਿਨ੍ਹਾਂ ’ਚ ਸਭ ਤੋਂ ਘੱਟ ਉਮਰ ਦੇ 28 ਸਾਲਾ ਚੈਤਨਯ ਸ਼ਰਮਾ ਹਨ, ਜੋ ਕਾਂਗਰਸ ਉਮੀਦਵਾਰ ਹਨ। ਉਨ੍ਹਾਂ ਨੇ ਗਗਰੇਟ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਰਾਜੇਸ਼ ਠਾਕੁਰ ਨੂੰ 15,685 ਵੋਟਾਂ ਦੇ ਫਰਕ ਨਾਲ ਹਰਾਇਆ ਹੈ।

68 ’ਚੋਂ 23 ਅਜਿਹੇ ਚਿਹਰੇ ਹਨ, ਜੋ ਪਹਿਲੀ ਵਾਰ ਵਿਧਾਇਕ ਬਣੇ ਹਨ, ਜਿਨ੍ਹਾਂ ’ਚ ਕਾਂਗਰਸ ਦੇ 14, ਭਾਜਪਾ ਦੇ 8 ਅਤੇ ਇਕ ਆਜ਼ਾਦ ਉਮੀਦਵਾਰ ਸ਼ਾਮਲ ਹੈ। ਸਿਰਫ ਇਕ ਜੇਤੂ ਉਮੀਦਵਾਰ ਦੀ ਉਮਰ 80 ਸਾਲ ਤੋਂ ਵੱਧ ਹੈ। ਕਰਨਲ ਧਨੀ ਰਾਮ ਸ਼ਾਂਡਿਲ ਨੇ 82 ਸਾਲ ਦੀ ਉਮਰ ’ਚ ਆਪਣੀ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ ਅਤੇ ਭਾਜਪਾ ਉਮੀਦਵਾਰ ਅਤੇ ਜਵਾਈ ਰਾਜੇਸ਼ ਕਸ਼ਯਪ ਨੂੰ 3,858 ਵੋਟਾਂ ਨਾਲ ਹਰਾ ਕੇ ਆਪਣੀ ਸੋਲਨ ਸੀਟ ਬਰਕਰਾਰ ਰੱਖਿਆ।

ਦੱਸ ਦੇਈਏ ਕਿ ਵੀਰਵਾਰ ਨੂੰ ਆਏ ਚੋਣ ਨਤੀਜਿਆਂ ’ਚ ਬਹੁਤ ਸਾਰੇ ਉਤਾਰ-ਚੜ੍ਹਾਅ ਵੇਖਣ ਨੂੰ ਮਿਲੇ। ਸੂਬਾ ਸਰਕਾਰ ਦੇ 8 ਕੈਬਨਿਟ ਮੰਤਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਉਨ੍ਹਾਂ ਦੇ ਕੈਬਨਿਟ ਸਹਿਯੋਗੀ ਬਿਕ੍ਰਮ ਸਿੰਘ ਅਤੇ ਸੁਖਰਾਮ ਚੌਧਰੀ ਆਪਣੀ-ਆਪਣੀ ਸੀਟ ਬਚਾਉਣ ’ਚ ਸਫ਼ਲ ਰਹੇ। ਭਾਜਪਾ ਦੇ ਦਿੱਗਜ਼ ਨੇਤਾ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਰਾਜੀਵ ਬਿੰਦਲ ਚੋਣਾਂ ਹਾਰ ਹਏ। ਬਿੰਦਲ ਲਗਾਤਾਰ 5 ਵਾਰ ਵਿਧਾਇਕ ਰਹੇ ਸਨ। 14ਵੀਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ’ਚ 36 ਮੌਜੂਦਾ ਵਿਧਾਇਕਾਂ ਨੂੰ ਸੀਟ ਨਹੀਂ ਮਿਲੀ।


author

Tanu

Content Editor

Related News