ਨਵੀਂ ਦਿੱਲੀ ਰੇਲਵੇ ਸਟੇਸ਼ਨ ''ਤੇ ਮਚੀ ਭਾਜੜ ''ਚ ਲਈ ਰੇਲਵੇ ਜ਼ਿੰਮੇਵਾਰ: ਲਾਲੂ
Sunday, Feb 16, 2025 - 01:04 PM (IST)

ਪਟਨਾ- ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਅਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਮਚੀ ਭਾਜੜ 'ਚ 18 ਲੋਕਾਂ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਇਸ ਹਾਦਸੇ ਲਈ ਰੇਲਵੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਲੂ ਯਾਦਵ ਨੇ ਕਿਹਾ ਕਿ ਬੀਤੀ ਰਾਤ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਰੇਲਵੇ ਦੀ ਗਲਤੀ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ। ਉਨ੍ਹਾਂ ਕਿਹਾ ਕਿ ਇੰਨਾ ਵੱਡਾ ਹਾਦਸਾ ਰੇਲਵੇ ਦੀ ਲਾਪ੍ਰਵਾਹੀ ਅਤੇ ਮਾੜੇ ਪ੍ਰਬੰਧਾਂ ਕਾਰਨ ਵਾਪਰਿਆ ਹੈ। ਸ੍ਰੀ ਯਾਦਵ ਨੇ ਕਿਹਾ ਕਿ ਰੇਲਵੇ ਨੂੰ ਇਸ ਘਟਨਾ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ 'ਤੇ ਉਨ੍ਹਾਂ ਨੂੰ ਬਹੁਤ ਅਫਸੋਸ ਹੈ। ਉਨ੍ਹਾਂ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਲਾਲੂ ਪ੍ਰਸਾਦ ਯਾਦਵ ਨੇ ਅੱਗੇ ਕਿਹਾ ਕਿ ਕੁੰਭ ਦਾ ਕੀ ਮਤਲਬ ਹੈ। ਫਾਲਤੂ ਹੈ ਕੁੰਭ।
ਕਿਵੇਂ ਮਚੀ ਭਾਜੜ?
ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਭਾਜੜ ਦੀ ਘਟਨਾ 'ਤੇ ਇਕ ਚਸ਼ਮਦੀਦ ਨੇ ਕਿਹਾ ਕਿ ਭੀੜ ਨੂੰ ਕਾਬੂ ਕਰਨ ਵਾਲਾ ਕੋਈ ਨਹੀਂ ਸੀ। ਇਸ ਦੌਰਾਨ ਇਹ ਐਲਾਨ ਕੀਤਾ ਗਿਆ ਕਿ ਪਲੇਟਫਾਰਮ ਨੰਬਰ 12 'ਤੇ ਆਉਣ ਵਾਲੀ ਟਰੇਨ ਪਲੇਟਫਾਰਮ ਨੰਬਰ 16 'ਤੇ ਆਵੇਗੀ। ਅਜਿਹੇ 'ਚ ਦੋਹਾਂ ਪਾਸਿਆਂ ਤੋਂ ਭੀੜ ਇਕੱਠੀ ਹੋ ਗਈ ਅਤੇ ਭਾਜੜ ਮਚ ਗਈ, ਜਿਸ ਕਾਰਨ ਕਈ ਲੋਕ ਦੱਬੇ ਗਏ। ਚਸ਼ਮਦੀਦਾਂ ਦਾ ਦੋਸ਼ ਹੈ ਕਿ ਰੇਲਵੇ ਪ੍ਰਸ਼ਾਸਨ ਅਤੇ ਸੁਰੱਖਿਆ ਬਲ ਸਥਿਤੀ ਨੂੰ ਸੰਭਾਲਣ ਵਿਚ ਅਸਫਲ ਰਹੇ। ਹਾਦਸੇ ਤੋਂ ਬਾਅਦ ਕੁਲੀਆਂ ਅਤੇ ਯਾਤਰੀਆਂ ਨੇ ਜ਼ਖਮੀਆਂ ਦੀ ਮਦਦ ਕੀਤੀ। ਪ੍ਰਸ਼ਾਸਨ 'ਤੇ ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਬਚਾਅ ਕਾਰਜ ਦੇਰੀ ਨਾਲ ਸ਼ੁਰੂ ਹੋਇਆ, ਜਿਸ ਕਾਰਨ ਕਈ ਜਾਨਾਂ ਚਲੀਆਂ ਗਈਆਂ।