ਨਵੀਂ ਦਿੱਲੀ 'ਚ ਅੱਤਵਾਦੀ ਹਮਲੇ ਦੀ ਯੋਜਨਾ ਨਾਕਾਮ

07/12/2018 9:48:32 AM

ਨਵੀਂ ਦਿੱਲੀ— ਸੁਰੱਖਿਆ ਏਜੰਸੀਆਂ ਨੇ ਨਵੀਂ ਦਿੱਲੀ ਵਿਚ ਅੱਤਵਾਦੀ ਹਮਲੇ ਦੀ ਆਈ. ਐੱਸ. ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਇਥੇ ਦੱਸਿਆ ਕਿ ਇਸ ਖਤਰਨਾਕ ਅੱਤਵਾਦੀ ਗਰੁੱਪ ਦੇ ਇਕ ਮਾਡਿਊਲ ਤੱਕ ਪਹੁੰਚ ਬਣਾ ਕੇ ਇਸ ਯੋਜਨਾ ਨੂੰ ਨਾਕਾਮ ਕੀਤਾ ਗਿਆ। ਆਈ. ਐੱਸ. ਦੀ ਇਸ ਯੋਜਨਾ ਨੂੰ ਇਕ ਅਫਗਾਨ ਆਤਮਘਾਤੀ ਹਮਲਾਵਰ ਦੀ ਗ੍ਰਿਫਤਾਰੀ ਪਿੱਛੋਂ ਅਸਫਲ ਬਣਾਇਆ ਗਿਆ। ਉਕਤ ਅੱਤਵਾਦੀ 'ਤੇ ਸੁਰੱਖਿਆ ਏਜੰਸੀਆਂ 2017  ਦੇ ਅੰਤ ਤੋਂ ਨਜ਼ਰ ਰੱਖ ਰਹੀਆਂ ਸਨ। ਉਕਤ ਅੱਤਵਾਦੀ ਕੌਮੀ ਰਾਜਧਾਨੀ ਦਿੱਲੀ ਨੂੰ ਦਹਿਲਾਉਣ ਦੀ ਸਾਜ਼ਿਸ਼ ਰਚ ਰਿਹਾ ਸੀ। 
ਨਵੀਂ ਦਿੱਲੀ 'ਤੇ ਹਮਲਾ ਕਰਨ ਦੀ ਯੋਜਨਾ ਅਫਗਾਨਿਸਤਾਨ, ਦੁਬਈ ਅਤੇ ਭਾਰਤ ਵਿਚ ਇਕ ਸਾਲ ਦੀ ਨਿਗਰਾਨੀ ਤੋਂ ਬਾਅਦ ਪਤਾ ਲੱਗ ਸਕੀ। ਇਹ ਨੋਟ ਕੀਤਾ ਗਿਆ ਕਿ ਆਈ. ਐੱਸ. ਦੇ 12 ਗੁਰਗਿਆਂ ਨੂੰ ਪਾਕਿਸਤਾਨ ਵਿਚ ਬੰਬ ਹਮਲੇ ਦੀ ਸਿਖਲਾਈ ਦੇਣ ਪਿੱਛੋਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਭੇਜਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਗੁਰਗਾ ਉਹ ਵਿਅਕਤੀ ਸੀ, ਜਿਸ ਨੇ  ਉਕਤ ਅੱਤਵਾਦੀ ਲਈ ਲਾਜਪਤ ਨਗਰ ਦਿੱਲੀ ਵਿਚ ਇਕ ਸੁਰੱਖਿਅਤ ਟਿਕਾਣਾ ਲੱਭਿਆ।
ਇੰਜੀਨੀਅਰਿੰਗ ਦਾ ਵਿਦਿਆਰਥੀ ਬਣ ਕੇ ਰਹਿ ਰਿਹਾ ਸੀ ਅੱਤਵਾਦੀ
ਸੂਤਰਾਂ ਮੁਤਾਬਕ ਗ੍ਰਿਫਤਾਰ ਕੀਤਾ ਗਿਆ ਆਈ. ਐੱਸ. ਦਾ ਅੱਤਵਾਦੀ ਦਿੱਲੀ ਵਿਚ ਇੰਜੀਨੀਅਰਿੰਗ ਕਾਲਜ ਦਾ ਇਕ ਵਿਦਿਆਰਥੀ ਬਣ ਕੇ ਲਾਜਪਤ ਨਗਰ ਇਲਾਕੇ ਵਿਚ ਰਹਿ ਰਿਹਾ ਸੀ। ਉਸਦੀ ਉਮਰ ਲਗਭਗ 20 ਸਾਲ ਹੈ। ਉਹ ਇਕ ਵੱਡੇ ਕਾਰੋਬਾਰੀ ਦਾ ਪੁੱਤਰ ਹੈ। ਉਸ ਨੂੰ ਗ੍ਰਿਫਤਾਰ ਕਰ ਕੇ ਅਫਗਾਨਿਸਤਾਨ ਵਾਪਸ ਭੇਜਿਆ ਗਿਆ। ਦੱਸਿਆ ਜਾਂਦਾ ਹੈ ਕਿ ਉਹ ਇਸ ਸਮੇਂ ਅਫਗਾਨਿਸਤਾਨ ਵਿਚ ਅਮਰੀਕੀ ਫੌਜ ਦੀ ਕੈਦ ਵਿਚ ਹੈ। ਆਈ. ਐੱਸ. ਦਾ ਇਹ ਅੱਤਵਾਦੀ ਇੰਨਾ ਪ੍ਰਭਾਵਸ਼ਾਲੀ ਸੀ ਕਿ ਪੁੱਛਗਿੱਛ ਦੌਰਾਨ ਉਸ ਕੋਲੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਅਮਰੀਕੀ ਫੌਜ ਨੇ ਅਫਗਾਨਿਸਤਾਨ ਵਿਚ ਤਾਲਿਬਾਨ ਵਿਰੁੱਧ ਵੱਡੀ ਸਫਲਤਾ ਹਾਸਲ ਕੀਤੀ ਹੈ।


Related News