ਬਲਾਤਕਾਰ ਦਾ ਦੋਸ਼ੀ ਆਸ਼ੂ ਭਾਈ ਉਰਫ ਆਸਿਫ ਖਾਨ ਪੁਲਸ ਹਿਰਾਸਤ 'ਚ

Thursday, Sep 13, 2018 - 02:23 PM (IST)

ਨਵੀਂ ਦਿੱਲੀ (ਬਿਊਰੋ)— ਬਲਾਤਕਾਰ ਮਾਮਲੇ ਦੇ ਦੋਸ਼ੀ ਜੋਤਿਸ਼ੀ ਆਸ਼ੂ ਭਾਈ ਉਰਫ ਆਸਿਫ ਖਾਨ ਨੂੰ ਵੀਰਵਾਰ ਨੂੰ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਹਿਰਾਸਤ ਵਿਚ ਲੈ ਲਿਆ। ਕ੍ਰਾਈਮ ਬ੍ਰਾਂਚ ਦੀ ਟੀਮ ਆਸ਼ੂ ਭਾਈ ਤੋਂ ਇਸ ਮਾਮਲੇ ਵਿਚ ਪੁੱਛਗਿੱਛ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਆਸ਼ੂ ਭਾਈ ਗੁਰੂ ਜੀ ਅਤੇ ਉਸ ਦੇ ਬੇਟੇ 'ਤੇ ਇਕ ਨਾਬਾਲਗਾ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਾ ਹੈ। ਆਸ਼ੂ ਭਾਈ ਤੋਂ ਦਿੱਲੀ ਦੇ ਹੌਜ਼ਖਾਸ ਥਾਣੇ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ।

ਪਾਕਸੋ ਐਕਟ ਦੇ ਤਹਿਤ ਮਾਮਲ ਦਰਜ
ਕੁਝ ਦਿਨ ਪਹਿਲਾਂ ਦਿੱਲੀ ਦੇ ਹੌਜ਼ਖਾਸ ਥਾਣੇ ਵਿਚ ਗਾਜ਼ੀਆਬਾਦ ਵਿਚ ਰਹਿਣ ਵਾਲੀ ਇਕ ਮਹਿਲਾ ਨੇ ਆਸ਼ੂ ਭਾਈ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਪੁਲਸ ਵਿਚ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਮਹਿਲਾ ਨੇ ਕਿਹਾ ਸੀ ਕਿ ਉਹ ਸਾਲ 2008 ਵਿਚ ਆਸ਼ੂ ਭਾਈ ਨਾਲ ਜੁੜੀ ਸੀ, ਜਿਸ ਮਗਰੋਂ ਬਾਬਾ ਜੀ ਨੇ ਸਾਲ 2008 ਤੋਂ ਸਾਲ 2013 ਤੱਕ ਉਸ ਦਾ ਅਤੇ ਉਸ ਦੀ ਮਾਸੂਮ ਬੇਟੀ ਦਾ ਬਲਾਤਕਾਰ ਕੀਤਾ। ਮਹਿਲਾ ਦੀ ਸ਼ਿਕਾਇਤ 'ਤੇ ਪਾਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਛਾਣਬੀਣ ਸ਼ੁਰੂ ਕੀਤੀ ਗਈ। ਐੱਫ.ਆਈ.ਆਰ. ਦਰਜ ਹੋਣ ਦੇ ਬਾਅਦ ਆਸ਼ੂ ਭਾਈ ਉਰਫ ਆਸਿਫ ਖਾਨ ਫਰਾਰ ਹੋ ਗਿਆ ਸੀ ਜਿਸ ਨੂੰ ਅੱਜ ਹਿਰਾਸਤ ਵਿਚ ਲਿਆ ਗਿਆ। 

ਪੀੜਤਾ ਦਾ ਬਿਆਨ ਦਰਜ 
ਜਾਣਕਾਰੀ ਮੁਤਾਬਕ ਆਸ਼ੂ ਭਾਈ 'ਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਮਹਿਲਾ ਦਾ ਮੰਗਲਵਾਰ ਨੂੰ ਸਾਕੇਤ ਵਿਚ ਬਿਆਨ ਦਰਜ ਕਰਵਾਇਆ ਗਿਆ। ਇਸ ਮਾਮਲੇ ਵਿਚ ਕੇਸ ਦੀ ਪੀੜਤ ਮਹਿਲਾ ਦੀ 16 ਸਾਲਾ ਬੇਟੀ ਦਾ ਬਿਆਨ ਬਾਅਦ ਵਿਚ ਦਰਜ ਕਰਵਾਇਆ ਜਾਵੇਗਾ। ਕ੍ਰਾਈਮ ਬ੍ਰਾਂਚ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਬੰਦ ਕਮਰੇ ਵਿਚ ਮਜਿਸਟ੍ਰੇਟ ਸਾਹਮਣੇ ਮਹਿਲਾ ਦਾ ਬਿਆਨ ਦਰਜ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਮਜਿਸਟ੍ਰੇਟ ਸਾਹਮਣੇ ਬਾਬੇ ਦੀਆਂ ਕਾਲੀਆਂ ਕਰਤੂਤਾਂ ਦੱਸਦਿਆਂ ਮਹਿਲਾ ਰੋ ਪਈ ਸੀ। ਪੀੜਤ ਮਹਿਲਾ ਨੇ ਆਸ਼ੂ ਭਾਈ ਦੇ ਮੈਨੇਜਰ ਰਵੀ ਸ਼ੰਕਰ, ਆਸ਼ੂ ਦੇ ਬੇਟੇ ਸਮਰ ਅਤੇ ਉਸ ਦੇ ਦੋਸਤ ਸੌਰਭ 'ਤੇ ਵੀ ਬਲਾਤਕਾਰ ਕਰਨ ਅਤੇ ਧਮਕੀ ਦੇਣ ਦੇ ਦੋਸ਼ ਲਗਾਏ ਹਨ।


Related News