ਦਿੱਲੀ ''ਚ 13 ਅਤੇ 15 ਅਗਸਤ ਨੂੰ ਆਵਾਜਾਈ ''ਤੇ ਪਾਬੰਦੀ

Sunday, Aug 12, 2018 - 06:07 PM (IST)

ਦਿੱਲੀ ''ਚ 13 ਅਤੇ 15 ਅਗਸਤ ਨੂੰ ਆਵਾਜਾਈ ''ਤੇ ਪਾਬੰਦੀ

ਨਵੀਂ ਦਿੱਲੀ (ਭਾਸ਼ਾ)— ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਲਾਲ ਕਿਲਾ 'ਤੇ ਹੋਣ ਵਾਲੇ ਸਮਾਰੋਹ ਦੇ ਮੱਦੇਨਜ਼ਰ 13 ਅਤੇ 15 ਅਗਸਤ ਨੂੰ ਆਵਾਜਾਈ 'ਤੇ ਪਾਬੰਦੀ ਰਹੇਗੀ। ਦਿੱਲੀ ਰੇਲ ਨਿਗਮ ਨੇ ਕਿਹਾ ਹੈ ਕਿ ਮੈਟਰੋ ਸਟੇਸ਼ਨਾਂ 'ਤੇ ਪਾਰਕਿੰਗ ਦੀ ਸਹੂਲਤ ਉਪਲਬਧ ਨਹੀਂ ਰਹੇਗੀ। ਪੁਲਸ ਨੇ ਦੱਸਿਆ ਕਿ ਕੱਲ ਅਤੇ ਬੁੱਧਵਾਰ ਨੂੰ 6 ਸੜਕਾਂ ਬੰਦ ਰਹਿਣਗੀਆਂ। ਜਦਕਿ ਕੁਝ ਸੜਕਾਂ 'ਤੇ ਆਵਾਜਾਈ ਰੂਟ ਬਦਲਿਆ ਜਾਵੇਗਾ। ਦਿੱਲੀ ਮੈਟਰੋ ਸਟੇਸ਼ਨਾਂ 'ਤੇ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਸੁਰੱਖਿਆ ਵਿਵਸਥਾ ਕਾਰਨ 14 ਅਗਸਤ ਸਵੇਰੇ 6 ਵਜੇ ਤੋਂ 15 ਅਗਸਤ ਦੁਪਹਿਰ 2 ਵਜੇ ਤੱਕ ਪਾਰਕਿੰਗ ਸਹੂਲਤ ਉਪਲਬਧ ਨਹੀਂ ਰਹੇਗੀ। 

ਪੁਲਸ ਨੇ ਦੱਸਿਆ ਕਿ ਦੋਵੇਂ ਦਿਨ ਨੇਤਾਜੀ ਸੁਭਾਸ਼ ਚੰਦਰ ਬੋਸ ਮਾਰਗ, ਲੋਥੀਅਨ ਰੋਡ, ਐੱਸ.ਪੀ. ਮੁਖਰਜੀ ਮਾਰਗ, ਚਾਂਦਨੀ ਚੌਕ ਰੋਡ, ਨਿਸ਼ਾਦ ਹਾਈਵੇਅ, ਐਸਪਲੇਨੈਡ ਰੋਡ ਅਤੇ ਇਨ੍ਹਾਂ ਨੂੰ ਜੋੜਨ ਵਾਲੀਆਂ ਸੜਕਾਂ ਸਵੇਰੇ 5 ਵਜੇ ਤੋਂ 9 ਵਜੇ ਤੱਕ ਬੰਦ ਰਹਿਣਗੀਆਂ। ਰਿਹਰਸਲ ਵਾਲੇ ਦਿਨ ਪਾਰਕਿੰਗ ਲੇਬਲ ਦੀਆਂ ਗੱਡੀਆਂ ਤਿਲਕ ਮਾਰਗ, ਮਥੁਰਾ ਰੋਡ, ਬਹਾਦੁਰ ਸ਼ਾਹ ਜਫਰ ਮਾਰਗ, ਸੁਭਾਸ਼ ਮਾਰਗ, ਜਵਾਹਰ ਲਾਲ ਨਹਿਰੂ ਮਾਰਗ ਅਤੇ ਰਿੰਗ ਰੋਡ ਦੇ ਨਿਜ਼ਾਮੁਦੀਨ ਬ੍ਰਿਜ ਤੋਂ ਆਈ.ਐੱਸ.ਬੀ.ਟੀ. ਬ੍ਰਿਜ ਦੇ ਵਿਚਕਾਰ ਵਾਲੇ ਹਿੱਸੇ ਵੱਲ ਨਾ ਜਾਣ ਅਤੇ ਵੈਕਲਪਿਕ ਰਸਤਿਆਂ ਦੀ ਵਰਤੋਂ ਕੀਤੀ ਜਾਵੇ। ਇਸ ਦੇ ਇਲਾਵਾ 14 ਅਗਸਤ ਨੂੰ ਰਾਤ 12 ਵਜੇ ਤੋਂ 15 ਅਗਸਤ ਦੀ ਸਵੇਰ 11 ਵਜੇ ਤੱਕ ਨਿਜ਼ਾਮੁਮਦੀਨ ਬ੍ਰਿਜ ਤੋਂ ਵਜ਼ੀਰਾਬਾਦ ਬ੍ਰਿਜ ਵਿਚਕਾਰ ਸਾਮਾਨ ਢੋਣ ਵਾਲੀਆਂ ਗੱਡੀਆਂ ਦੀ ਆਵਾਜਾਈ 'ਤੇ ਰੋਕ ਰਹੇਗੀ। 

ਮਹਾਰਾਣਾ ਪ੍ਰਤਾਪ ਆਈ.ਐੱਸ.ਬੀ.ਟੀ. ਅਤੇ ਸਰਾਏ ਕਾਲੇ ਖਾਨ ਵਿਚਕਾਰ ਸਵੇਰੇ 4 ਵਜੇ ਤੋਂ 11 ਵਜੇ ਤੱਕ ਇੰਟਰਸਟੇਟ ਬੱਸਾਂ ਨੂੰ ਆਉਣ-ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਡੀ.ਟੀ.ਸੀ. ਸਮੇਤ ਨਗਰ ਬੱਸ ਸੇਵਾ ਵੀ 15 ਅਗਸਤ ਦੀ ਸਵੇਰ ਤੋਂ 11 ਵਜੇ ਤੱਕ ਹਨੁਮਾਨ ਸੇਤੂ ਅਤੇ ਭੈਰੋਂ ਰੋਡ ਟੀ ਪੁਆਇੰਟ ਦੇ ਵਿਚਕਾਰ ਨਹੀਂ ਚੱਲੇਗੀ। ਲਾਲ ਕਿਲਾ, ਜਾਮਾ ਮਸਜਿਦ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ 'ਤੇ ਬੱਸਾਂ ਦੇ ਰਸਤੇ ਨੂੰ ਛੋਟਾ ਕੀਤਾ ਜਾਵੇਗਾ ਜਾਂ ਬਦਲਿਆ ਜਾਵੇਗਾ।


Related News