ਪੁਲਸ ਭਰਤੀ ਪ੍ਰੀਖਿਆ ਦੀਆਂ ਨਵੀਆਂ ਤਾਰੀਖ਼ਾਂ ਦਾ ਐਲਾਨ, ਸਿੱਧੀ ਭਰਤੀ ਲਈ ਹੋਵੇਗਾ ਲਿਖਤੀ ਇਮਤਿਹਾਨ

Thursday, Jul 25, 2024 - 01:58 PM (IST)

ਲਖਨਊ- ਉੱਤਰ ਪ੍ਰਦੇਸ਼ 'ਚ ਫਰਵਰੀ 'ਚ ਰੱਦ ਕੀਤੀ ਗਈ ਪੁਲਸ ਭਰਤੀ ਪ੍ਰੀਖਿਆ ਦੀਆਂ ਨਵੀਆਂ ਤਾਰੀਖ਼ਾਂ ਦਾ ਵੀਰਵਾਰ ਯਾਨੀ ਕਿ ਅੱਜ ਐਲਾਨ ਕਰ ਦਿੱਤਾ ਗਿਆ ਹੈ। ਇਹ ਪ੍ਰੀਖਿਆ ਅਗਲੇ ਮਹੀਨੇ 5 ਵੱਖ-ਵੱਖ ਤਾਰੀਖ਼ਾਂ 'ਤੇ ਆਯੋਜਿਤ ਕੀਤੀ ਜਾਵੇਗੀ। ਉੱਤਰ ਪ੍ਰਦੇਸ਼ ਪੁਲਸ ਭਰਤੀ ਅਤੇ ਤਰੱਕੀ ਬੋਰਡ ਦੇ ਪ੍ਰਧਾਨ ਰਾਜੀਵ ਕ੍ਰਿਸ਼ਨਾ ਨੇ ਵੀਰਵਾਰ ਨੂੰ ਦੱਸਿਆ ਕਿ ਸੂਬਾ ਪੁਲਸ ਵਿਚ ਰਿਜ਼ਰਵ ਸਿਵਲ ਪੁਲਸ ਦੇ 60,244 ਅਹੁਦਿਆਂ 'ਤੇ ਸਿੱਧੀ ਭਰਤੀ-2023 ਦੀ ਲਿਖਤੀ ਪ੍ਰੀਖਿਆ ਆਉਣ ਵਾਲੀ 23, 24, 25, 30 ਅਤੇ 31 ਅਗਸਤ ਨੂੰ ਆਯੋਜਿਤ ਕਰਾਉਣ ਦਾ ਫ਼ੈਸਲਾ ਲਿਆ ਗਿਆ ਹੈ। 

ਦੱਸ ਦੇਈਏ ਕਿ ਇਸ ਸਾਲ ਫ਼ਰਵਰੀ ਵਿਚ ਹੋਈ ਇਹ ਭਰਤੀ ਪ੍ਰੀਖਿਆ ਵੱਖ-ਵੱਖ ਸ਼ਿਕਾਇਤਾਂ ਕਾਰਨ ਰੱਦ ਕਰ ਦਿੱਤੀ ਗਈ ਸੀ। ਪ੍ਰੀਖਿਆ 17 ਅਤੇ 18 ਫਰਵਰੀ ਨੂੰ ਹੋਈ ਸੀ, ਜਿਸ ਵਿਚ ਕਰੀਬ 48 ਲੱਖ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹੁਕਮ ਦਿੱਤਾ ਸੀ ਕਿ 6 ਮਹੀਨੇ ਦੇ ਅੰਦਰ ਇਹ ਪ੍ਰੀਖਿਆ ਪੂਰੀ ਪਾਰਦਰਸ਼ਿਤਾ ਅਤੇ ਉੱਚ ਮਾਪਦੰਡਾਂ ਮੁਤਾਬਕ ਮੁੜ ਕਰਵਾਈ ਜਾਵੇ। ਉਸੇ ਹੁਕਮ ਤਹਿਤ ਨਵੀਂ ਪ੍ਰੀਖਿਆ ਪ੍ਰੋਗਰਾਮ ਐਲਾਨ ਕੀਤਾ ਗਿਆ ਹੈ। 

ਸੂਬਾ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪ੍ਰੋਗਰਾਮ ਮੁਤਾਬਕ ਅਗਸਤ ਵਿਚ ਤੈਅ ਤਾਰੀਖ਼ਾਂ 'ਤੇ ਦੋ ਪੜਾਵਾਂ ਵਿਚ ਪ੍ਰੀਖਿਆ ਹੋਵੇਗੀ ਅਤੇ ਹਰ ਪੜਾਅ ਵਿਚ ਲੱਗਭਗ 5 ਲੱਖ ਉਮੀਦਵਾਰ ਪ੍ਰੀਖਿਆ ਦੇਣਗੇ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਨੂੰ ਉੱਤਰ ਪ੍ਰਦੇਸ਼ ਰਾਜ ਸੜਕ ਆਵਾਜਾਈ ਨਿਗਮ ਦੀ ਮੁਫ਼ਤ ਬੱਸ ਸੇਵਾ ਮੁਹੱਈਆ ਕਰਵਾਈ ਜਾਵੇਗੀ। ਇਸ ਲਈ ਬੱਸ ਰਾਹੀਂ ਸਫ਼ਰ ਕਰਨ ਵਾਲੇ ਉਮੀਦਵਾਰਾਂ ਨੂੰ ਆਪਣੇ ਐਡਮਿਟ ਕਾਰਡ ਦੀਆਂ ਦੋ ਵਾਧੂ ਕਾਪੀਆਂ ਡਾਊਨਲੋਡ ਕਰਨੀਆਂ ਪੈਣਗੀਆਂ ਅਤੇ ਇਕ ਕਾਪੀ ਪ੍ਰੀਖਿਆ ਕੇਂਦਰ ਦੇ ਜ਼ਿਲ੍ਹੇ ਤੱਕ ਜਾਣ ਲਈ ਬੱਸ ਆਪਰੇਟਰ ਨੂੰ ਦੇਣੀ ਹੋਵੇਗੀ । 

ਬੁਲਾਰੇ ਨੇ ਦੱਸਿਆ ਕਿ ਸਰਕਾਰ ਨੇ ਪ੍ਰਸ਼ਨ ਪੱਤਰ ਲੀਕ ਹੋਣ ਅਤੇ ਉੱਤਰ ਪੱਤਰੀਆਂ ਨਾਲ ਛੇੜਛਾੜ ਨੂੰ ਰੋਕਣ ਲਈ 1 ਜੁਲਾਈ ਨੂੰ ‘ਉੱਤਰ ਪ੍ਰਦੇਸ਼ ਪਬਲਿਕ ਐਗਜ਼ਾਮੀਨੇਸ਼ਨ ਆਰਡੀਨੈਂਸ-2024 ਲਾਗੂ ਕੀਤਾ ਹੈ। ਇਸ ਤਹਿਤ ਪ੍ਰੀਖਿਆ ਵਿਚ ਅਨੁਚਿਤ ਸਾਧਨਾਂ ਦੀ ਵਰਤੋਂ ਕਰਨਾ, ਨਕਲ ਕਰਨਾ ਜਾਂ ਇਸ ਦਾ ਕਾਰਨ ਬਣਨਾ, ਪ੍ਰਸ਼ਨ ਪੱਤਰ ਲੀਕ ਕਰਨਾ ਜਾਂ ਅਜਿਹਾ ਕਰਨ ਦੀ ਸਾਜ਼ਿਸ਼ ਕਰਨਾ ਸਜ਼ਾਯੋਗ ਅਪਰਾਧ ਦੀ ਸ਼੍ਰੇਣੀ ਵਿਚ ਆਉਂਦਾ ਹੈ। ਅਜਿਹੇ ਮਾਮਲਿਆਂ 'ਚ ਇਕ ਕਰੋੜ ਰੁਪਏ ਤੱਕ ਦਾ ਜੁਰਮਾਨਾ ਅਤੇ ਉਮਰ ਕੈਦ ਤੱਕ ਦੀ ਸਜ਼ਾ ਦੀ ਵਿਵਸਥਾ ਹੈ।


Tanu

Content Editor

Related News