ਨੇਪਾਲ ਪੁਲਸ ਦੀ ਗੋਲੀਬਾਰੀ ''ਚ ਇਕ ਭਾਰਤੀ ਦੀ ਮੌਤ

Saturday, Mar 06, 2021 - 10:11 AM (IST)

ਨੇਪਾਲ ਪੁਲਸ ਦੀ ਗੋਲੀਬਾਰੀ ''ਚ ਇਕ ਭਾਰਤੀ ਦੀ ਮੌਤ

ਪੀਲੀਭੀਤ- ਉੱਤਰ ਪ੍ਰਦੇਸ਼ 'ਚ ਪੀਲੀਭੀਤ ਜ਼ਿਲ੍ਹੇ ਦੀ ਸਰਹੱਦ ਨਾਲ ਲੱਗਣ ਵਾਲੇ ਨੇਪਾਲ ਦੇ ਕੰਚਨਪੁਰ ਇਲਾਕੇ 'ਚ ਵੀਰਵਾਰ ਨੂੰ ਮੇਲਾ ਘੁੰਮਣ ਗਏ ਤਿੰਨ ਭਾਰਤੀਆਂ 'ਤੇ ਨੇਪਾਲ ਪੁਲਸ ਨੇ ਗੋਲੀਬਾਰੀ ਕਰ ਦਿੱਤੀ। ਇਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਉਕਤ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸਰਹੱਦ 'ਤੇ ਤਣਾਅ ਦੇ ਮੱਦੇਨਜ਼ਰ ਨੇੜੇ-ਤੇੜੇ ਦੇ ਥਾਣਿਆਂ ਨੂੰ ਚੌਕਸ ਕੀਤਾ ਗਿਆ ਹੈ। ਪੀਲੀਭੀਤ ਦੇ ਜ਼ਿਲ੍ਹਾ ਅਧਿਕਾਰੀ ਪੁਲਕਿਤ ਖਰੇ ਅਤੇ ਪੁਲਸ ਸੁਪਰਡੈਂਟ ਜੈਪ੍ਰਕਾਸ਼ ਯਾਦਵ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਨੌਜਵਾਨ ਦੀ ਲਾਸ਼ ਹਾਲੇ ਵੀ ਨੇਪਾਲ ਪੁਲਸ ਦੇ ਕਬਜ਼ੇ 'ਚ ਹੀ ਹੈ। 

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਬਰਾਮਦ ਹੋਣ ਵਾਲੀ ਸਕਾਰਪੀਓ ਦੇ ਮਾਲਕ ਦੀ ਮਿਲੀ ਲਾਸ਼

ਨੇਪਾਲ ਪੁਲਸ ਨੇ ਨੌਜਵਾਨਾਂ 'ਤੇ ਲਾਇਆ ਤਸਕਰੀ ਦਾ ਦੋਸ਼
ਨੇਪਾਲ ਪੁਲਸ ਨੇ ਨੌਜਵਾਨਾਂ 'ਤੇ ਤਸਕਰੀ ਕਰਨ ਦਾ ਦੋਸ਼ ਲਗਾਉਂਦੇ ਹੋਏ ਗੋਲੀ ਚਲਾਉਣ ਦੀ ਗੱਲ ਕਹੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੀਲੀਭੀਤ ਪੁਲਸ ਸਰਹੱਦ 'ਤੇ ਤਾਇਨਾਤ ਕੀਤੀ ਗਈ ਹੈ। ਯਾਦਵ ਨੇ ਦੱਸਿਆ ਕਿ ਹਜ਼ਾਰਾ ਥਾਣਾ ਖੇਤਰ ਦੇ ਭੂਮੀਦਾਨ ਰਾਘਵਪੁਰੀ ਟਿੱਲਾ 4 ਪਿੰਡ ਦੇ ਰਹਿਣ ਵਾਲੇ ਗੋਵਿੰਦ ਸਿੰਘ, ਗੁਰਮੀਤ ਸਿੰਘ ਅਤੇ ਪੱਪੂ ਸਿੰਘ ਨੇਪਾਲ ਦੇ ਕੰਚਨਪੁਰ 'ਚ ਲੱਗਣ ਵਾਲੇ ਮੇਲੇ 'ਚ ਗਏ ਸਨ। ਉੱਥੇ ਨੇਪਾਲ ਪੁਲਸ ਨੇ ਤਿੰਨਾਂ ਦੀ ਘੇਰਾਬੰਦੀ ਕਰ ਕੇ ਉਨ੍ਹਾਂ 'ਤੇ ਗੋਲੀਆਂ ਚਲਾਈਆਂ। ਉਨ੍ਹਾਂ ਦੱਸਿਆ ਕਿ ਇਸ ਗੋਲੀਬਾਰੀ 'ਚ ਗੋਵਿੰਦ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜਿਸ ਦੀ ਨੇਪਾਲ ਦੇ ਇਕ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ।

ਇਹ ਵੀ ਪੜ੍ਹੋ : ਬਿਹਾਰ 'ਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ : 9 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ, 4 ਔਰਤਾਂ ਨੂੰ ਉਮਰਕੈਦ

ਦੂਜੇ ਨੌਜਵਾਨ ਦੀ ਭਾਲ ਜਾਰੀ
ਯਾਦਵ ਨੇ ਦੱਸਿਆ ਕਿ ਗੁਰਮੀਤ ਸਿੰਘ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਪਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉੱਥੇ ਘਟਨਾ 'ਚ ਗੰਭੀਰ ਰੂਪ ਨਾਲ ਜ਼ਖਮੀ ਪੱਪੂ ਸਿੰਘ ਖ਼ੁਦ ਦੌੜ ਕੇ ਭਾਰਤੀ ਸਰਹੱਦ 'ਚ ਆਇਆ। ਉਸ ਨੂੰ ਪਹਿਲਾਂ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਪਲੀਆ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੋਂ ਉਸ ਨੂੰ ਸ਼ੁੱਕਰਵਾਰ ਇਲਾਜ ਲਈ ਲਖਨਊ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸਰਹੱਦ 'ਤੇ ਫਿਲਹਾਲ ਸ਼ਾਂਤੀ ਹੈ, ਫਿਰ ਵੀ ਚੌਕਸੀ ਵਜੋਂ ਪੁਲਸ ਫ਼ੋਰਸ ਤਾਇਨਾਤ ਕੀਤੀ ਗਈ ਹੈ। ਇਸ ਘਟਨਾ ਦੇ ਸੰਬੰਧ 'ਚ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਮਿਲ ਕੇ ਸਹੀ ਜਾਣਕਾਰੀ ਜੁਟਾਈ ਜਾ ਰਹੀ ਹੈ। ਐੱਸ.ਪੀ. ਨੇ ਕਿਹਾ ਕਿ ਲਾਸ਼ ਸੌਂਪਣ ਲਈ ਨੇਪਾਲੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਉਨ੍ਹਾਂ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਨੇਪਾਲੀ ਅਧਿਕਾਰੀ ਇਸ ਨੂੰ ਤਸਕਰੀ ਦਾ ਮਾਮਲਾ ਦੱਸ ਰਹੇ ਹਨ ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਾਮੂਲੀ ਬਹਿਸ ਤੋਂ ਬਾਅਦ ਗੋਲੀਬਾਰੀ ਹੋਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News