'ਬਿਮਸੇਟਕ' ਸੰਮੇਲਨ 'ਚ ਸ਼ਾਮਲ ਹੋਣ ਲਈ ਨੇਪਾਲ ਪਹੁੰਚੇ ਪੀ.ਐੱਮ. ਮੋਦੀ
Thursday, Aug 30, 2018 - 10:22 AM (IST)

ਕਾਠਮੰਡੂ/ਨਵੀਂ ਦਿੱਲੀ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਸਵੇਰੇ ਗੁਆਂਢੀ ਦੇਸ਼ ਨੇਪਾਲ ਪਹੁੰਚ ਗਏ ਹਨ। 4 ਸਾਲਾਂ ਵਿਚ ਪੀ.ਐੱਮ. ਮੋਦੀ ਦਾ ਨੇਪਾਲ ਦਾ ਇਹ ਚੌਥਾ ਦੌਰਾ ਹੈ। ਪੀ.ਐੱਮ. ਮੋਦੀ ਇੱਥੇ ਹੋਣ ਵਾਲੇ 14ਵੇਂ ਬਿਮਸਟੇਕ ਸੰਮੇਲਨ ਵਿਚ ਸ਼ਾਮਲ ਹੋਣਗੇ। ਉਹ ਬੇਅ ਆਫ ਬੰਗਾਲ ਇਨੀਸ਼ੀਏਟਿਵ ਫੌਰ ਮਲਟੀ ਸੈਕਟੋਰਲ ਟੈਕਨੀਕਲ ਐਂਡ ਇਕਨੋਮਿਕ ਕਾਰਪੋਰੇਸ਼ਨ (Bay of Bengal Initiative for Multi-Sectoral Technical and Economic Cooperation) ਦੀ ਬੈਠਕ ਵਿਚ ਹਰੇਕ ਮੁੱਦੇ 'ਤੇ ਗੱਲਬਾਤ ਕਰਨਗੇ। ਇਸ ਸੰਮੇਲਨ ਵਿਚ ਅੱਤਵਾਦ, ਸੁਰੱਖਿਆ ਦੇ ਵੱਖ-ਵੱਖ ਮਾਪਾਂ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਸਾਈਬਰ ਕ੍ਰਾਈਮ, ਕਾਰੋਬਾਰ ਸਮੇਤ ਹਰੇਕ ਮੁੱਦੇ 'ਤੇ ਚਰਚਾ ਕੀਤੀ ਜਾਵੇਗੀ। ਇਸ ਦੇ ਇਲਾਵਾ ਆਪਸੀ ਸਹਿਯੋਗ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਜਾਵੇਗਾ।
Nepal: PM Narendra Modi arrives in Kathmandu for #BIMSTEC summit pic.twitter.com/QaZjBseAvw
— ANI (@ANI) August 30, 2018
ਪੀ.ਐੱਮ. ਮੋਦੀ ਇੱਥੇ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਬਿਮਸਟੇਕ ਦੇ ਨੇਤਾ ਅਤੇ ਸੰਮੇਲਨ ਦੇ ਆਯੋਜਕ ਨੇਪਾਲ ਦੀ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨਾਲ ਮੁਲਾਕਾਤ ਕਰਨਗੇ। ਇਸ ਮਗਰੋਂ ਸੰਮੇਲਨ ਦੇ ਉਦਘਾਟਨ ਸੈਸ਼ਨ ਦਾ ਆਯੋਜਨ ਹੋਵੇਗਾ। ਸੰਮੇਲਨ ਦੀ ਸਮਾਪਤੀ 31 ਅਗਸਤ ਨੂੰ ਹੋਵੇਗੀ। ਇਸ ਮਗਰੋਂ ਜੁਆਇੰਟ ਘੋਸ਼ਣਾ ਪੱਤਰ ਵੀ ਜਾਰੀ ਕੀਤਾ ਜਾਵੇਗਾ।
ਪੀ.ਐੱਮ. ਮੋਦੀ ਨੇ ਯਾਤਰਾ ਸਬੰਧੀ ਕਹੀ ਇਹ ਗੱਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,''ਮੈਂ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨਾਲ ਬੈਠਕ ਨੂੰ ਲੈ ਕੇ ਆਸਵੰਦ ਹਾਂ। ਇਸ ਦੌਰਾਨ ਮਈ 2018 ਵਿਚ ਆਪਣੀ ਨੇਪਾਲ ਯਾਤਰਾ ਦੇ ਬਾਅਦ ਤੋਂ ਦੋ-ਪੱਖੀ ਸੰਬੰਧਾਂ ਵਿਚ ਹੋਈ ਤਰੱਕੀ ਦੀ ਸਮੀਖਿਆ ਕਰਾਂਗਾ।'' ਪੀ.ਐੱਮ. ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਓਲੀ ਅਤੇ ਮੈਨੂੰ ਪਸ਼ੂਪਤੀਨਾਥ ਮੰਦਰ ਕੰਪਲੈਕਸ ਵਿਚ ਨੇਪਾਲ ਭਾਰਤ ਮੈਤਰੀ ਧਰਮਸ਼ਾਲਾ ਦੇ ਉਦਘਾਟਨ ਦਾ ਮੌਕਾ ਮਿਲੇਗਾ।
ਬਿਮਸਟੇਕ ਦੇ ਇਲਾਵਾ ਪੀ.ਐੱਮ. ਮੋਦੀ ਕਰਨਗੇ ਇਨ੍ਹਾਂ ਨੇਤਾਵਾਂ ਨਾਲ ਮੁਲਾਕਾਤ
ਬਿਮਸਟੇਕ ਸੰਮੇਲਨ ਦੇ ਇਲਾਵਾ ਪ੍ਰਧਾਨ ਮੰਤਰੀ ਮੋਦੀ ਬੰਗਲਾਦੇਸ਼, ਮਿਆਂਮਾਰ, ਸ਼੍ਰੀਲੰਕਾ, ਭੂਟਾਨ ਅਤੇ ਥਾਈਲੈਂਡ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਪੀ.ਐੱਮ. ਮੋਦੀ ਦੀ ਮੁਲਾਕਾਤ ਅੱਜ ਨਿਰਧਾਰਿਤ ਕੀਤੀ ਗਈ ਹੈ। ਨੇਪਾਲ ਰਵਾਨਾ ਹੋਣ ਤੋਂ ਪਹਿਲਾਂ ਪੀ.ਐੱਮ. ਮੋਦੀ ਨੇ ਕਿਹਾ,''ਮੈਂ ਆਪਣੇ ਖੇਤਰੀ ਸਹਿਯੋਗ ਨੂੰ ਹੋਰ ਜ਼ਿਆਦਾ ਖੁਸ਼ਹਾਲ ਬਣਾਉਣ, ਆਪਣੇ ਵਪਾਰਕ ਸੰਬੰਧਾਂ ਨੂੰ ਵਧਾਉਣ ਅਤੇ ਬੰਗਾਲ ਖੇਤਰ ਨੂੰ ਇਕ ਸ਼ਾਂਤੀਪੂਰਣ ਅਤੇ ਖੁਸ਼ਹਾਲ ਖਾੜੀ ਬਣਾਉਣ ਲਈ ਬਿਮਸਟੇਕ ਦੇ ਸਾਰੇ ਆਗੂਆਂ ਨਾਲ ਗੱਲਬਾਤ ਕਰਾਂਗਾ।''
ਬਿਮਸਟੇਕ ਦਾ ਇਤਿਹਾਸ
ਬੈਂਕਾਕ ਦੇ ਘੋਸ਼ਣਾ ਪੱਤਰ ਦੇ ਮਾਧਿਅਮ ਨਾਲ 6 ਜੂਨ 1997 ਨੂੰ ਬਿਮਸਟੇਕ ਹੋਂਦ ਵਿਚ ਆਇਆ। ਇਸ ਵਿਚ ਬੰਗਾਲ ਦੀ ਖਾੜੀ ਖੇਤਰ ਵਿਚ ਵਸੇ 7 ਦੇਸ਼-ਬੰਗਲਾਦੇਸ਼, ਭਾਰਤ, ਮਿਆਂਮਰ, ਨੇਪਾਲ, ਸ਼੍ਰੀਲੰਕਾ ਅਤੇ ਥਾਈਲੈਂਡ ਸ਼ਾਮਲ ਹਨ। ਸਮੂਹ ਵਿਚ ਸ਼ਾਮਲ 7 ਦੇਸ਼ਾਂ ਦੀ ਆਬਾਦੀ 1.5 ਅਰਬ ਹੈ ਜੋ ਕਿ ਦੁਨੀਆ ਦੀ ਆਬਾਦੀ ਦਾ 21 ਫੀਸਦੀ ਹੈ ਅਤੇ ਇਸ ਸਮੂਹ ਦਾ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) 2500 ਅਰਬ ਡਾਲਰ ਹੈ।