ਬਾਜ ਨਹੀਂ ਆ ਰਿਹਾ ਨੇਪਾਲ, ਹੁਣ ਭਾਰਤ ਖਿਲਾਫ ਕੀਤੀ ਇਹ ਹਰਕਤ
Saturday, Sep 19, 2020 - 02:09 AM (IST)
ਕਾਠਮੰਡੂ/ਨਵੀਂ ਦਿੱਲੀ : ਨੇਪਾਲ ਦੇ ਸਕੂਲਾਂ ਦੇ ਕੋਰਸ 'ਚ ਨਵੀਆਂ ਕਿਤਾਬਾਂ ਲਿਆਈ ਗਈਆਂ ਹਨ ਜਿਨ੍ਹਾਂ 'ਚ ਭਾਰਤ ਦੇ ਰਣਨੀਤੀਕ ਰੂਪ ਨਾਲ ਮਹੱਤਵਪੂਰਣ ਤਿੰਨ ਖੇਤਰਾਂ ਨੂੰ ਨੇਪਾਲ ਦਾ ਹਿੱਸਾ ਦਿਖਾਉਣ ਵਾਲੇ ਸੋਧੇ ਰਾਜਨੀਤਕ ਨਕਸ਼ੇ ਸ਼ਾਮਲ ਹਨ। ਨੇਪਾਲ ਦੇ ਨਵੇਂ ਨਕਸ਼ੇ 'ਚ ਭਾਰਤ ਦੇ ਲਿਪੁਲੇਖ, ਕਾਲਾ ਪਾਣੀ ਅਤੇ ਲਿੰਪਿਆਧੁਰਾ ਖੇਤਰਾਂ ਨੂੰ ਨੇਪਾਲ ਦਾ ਹਿੱਸਾ ਦੱਸਿਆ ਗਿਆ ਸੀ।
ਇਸ ਨਕਸ਼ੇ ਨੂੰ ਨੇਪਾਲ ਦੀ ਸੰਸਦ ਵੱਲੋਂ ਸਾਰਿਆਂ ਦੀ ਸਹਿਮਤੀ ਨਾਲ ਮਨਜੂਰੀ ਦਿੱਤੇ ਜਾਣ ਤੋਂ ਬਾਅਦ ਭਾਰਤ ਨੇ ਇਸ ਨੂੰ ‘ਸਰਹੱਦਾਂ ਦਾ ਨਕਲੀ ਵਿਸਥਾਰ’ ਕਿਹਾ ਸੀ। ਸਿੱਖਿਆ ਮੰਤਰਾਲਾ ਦੇ ਅਧੀਨ ਕੋਰਸ ਵਿਕਾਸ ਕੇਂਦਰ ਨੇ ਹਾਲ ਹੀ 'ਚ ਸੋਧ ਕੀਤੀਆਂ ਨਕਸ਼ੇ ਵਾਲੀਆਂ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ।
ਕੇਂਦਰ 'ਚ ਸੂਚਨਾ ਅਧਿਕਾਰੀ ਗਣੇਸ਼ ਭੱਟਰਾਈ ਨੇ ਇਹ ਜਾਣਕਾਰੀ ਦਿੱਤੀ। ‘ਨੇਪਾਲ ਦੇ ਖੇਤਰ ਅਤੇ ਸਰਹੱਦੀ ਮੁੱਦਿਆਂ 'ਤੇ ਅਧਿਐਨ ਸਮੱਗਰੀ’ ਸਿਰਲੇਖ ਵਾਲੀਆਂ ਨਵੀਆਂ ਕਿਤਾਬਾਂ 9ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਲਿਖੀਆਂ ਗਈਆਂ ਹਨ ਅਤੇ ਇਨ੍ਹਾਂ ਦੀ ਸਿੱਖਿਆ ਮੰਤਰੀ ਗਿਰੀਰਾਜ ਮਨੀ ਪੋਖਰੇਲ ਨੇ ਲਿਖੀ ਹੈ।
ਉਤਰਾਖੰਡ ਦੇ ਖੇਤਰਾਂ 'ਤੇ ਦਾਅਵਾ
ਭਾਰਤ ਵੱਲੋਂ ਨਵੰਬਰ 2019 'ਚ ਨਵਾਂ ਨਕਸ਼ਾ ਜਾਰੀ ਕਰਨ ਦੇ ਛੇ ਮਹੀਨੇ ਤੋਂ ਜ਼ਿਆਦਾ ਸਮੇਂ ਬਾਅਦ ਨੇਪਾਲ ਨੇ ਮਈ 'ਚ ਦੇਸ਼ ਦਾ ਸੋਧਿਆ ਰਾਜਨੀਤਕ ਅਤੇ ਪ੍ਰਬੰਧਕੀ ਨਕਸ਼ਾ ਜਾਰੀ ਕੀਤਾ ਸੀ ਜਿਸ 'ਚ ਉਤਰਾਖੰਡ ਦੇ ਰਣਨੀਤਕ ਰੂਪ ਨਾਲ ਮਹੱਤਵਪੂਰਣ ਤਿੰਨ ਖੇਤਰਾਂ 'ਤੇ ਦਾਅਵਾ ਕੀਤਾ ਗਿਆ ਸੀ।
ਨੇਪਾਲ ਸਰਕਾਰ ਦੇ ਮੰਤਰੀ ਮੰਡਲ ਵੱਲੋਂ ਨਵੇਂ ਨਕਸ਼ੇ ਨੂੰ ਮਨਜੂਰੀ ਮਿਲਣ ਤੋਂ ਬਾਅਦ ਸਰਕਾਰ ਦੇ ਤਤਕਾਲੀਨ ਬੁਲਾਰਾ ਅਤੇ ਵਿੱਤ ਮੰਤਰੀ ਰਾਜ ਕੁਮਾਰ ਖਾਤੀਵਾੜਾ ਨੇ ਮੀਡੀਆ ਨੂੰ ਕਿਹਾ ਸੀ ਕਿ ਸਰਕਾਰ ਨੇ ਸੰਵਿਧਾਨ ਦੀ ਅਨੁਸੂਚੀ ਨੂੰ ਅਪਡੇਟ ਕਰਨ ਅਤੇ ਸੋਧੇ ਨਕਸ਼ੇ ਨੂੰ ਸਕੂਲ ਦੇ ਕੋਰਸ 'ਚ ਸ਼ਾਮਲ ਕਰਣ ਦਾ ਫ਼ੈਸਲਾ ਲਿਆ ਹੈ।
ਭਾਰਤ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਸ ਨੇ ਪਹਿਲਾਂ ਹੀ ਇਸ ਮੁੱਦੇ 'ਤੇ ਆਪਣਾ ਰੁਖ਼ ਸਪੱਸ਼ਟ ਕਰ ਦਿੱਤਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰਾ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਸੀ, ‘ਸਰਹੱਦ ਵਿਸਥਾਰ ਦੇ ਨਕਲੀ ਦਾਅਵੇ ਇਤਿਹਾਸਕ ਸੱਚਾਈ ਜਾਂ ਗਵਾਹੀ 'ਤੇ ਆਧਾਰਿਤ ਨਹੀਂ ਹਨ ਅਤੇ ਤਰਕਸ਼ੀਲ ਨਹੀਂ ਹਨ। ਸਰਹੱਦੀ ਮੁੱਦਿਆਂ 'ਤੇ ਗੱਲਬਾਤ ਦੀ ਸਾਡੇ 'ਚ ਜੋ ਸਮਝ ਵਿਕਸਿਤ ਹੋਈ ਹੈ ਇਹ ਉਸਦਾ ਵੀ ਉਲੰਘਣਾ ਹੈ।
ਨੇਪਾਲ ਸਰਕਾਰ ਨੇ ਕਾਲ਼ਾ ਪਾਣੀ ਖੇਤਰ ਨੂੰ ਸ਼ਾਮਲ ਕਰ ਸਿੱਕੇ ਜਾਰੀ ਕਰਣ ਦਾ ਵੀ ਫ਼ੈਸਲਾ ਲਿਆ ਹੈ। ਸਰਕਾਰ ਨੇ ਨੇਪਾਲ ਰਾਸ਼ਟਰੀ ਬੈਂਕ ਨੂੰ ਸੋਧੇ ਨਕਸ਼ੇ ਵਾਲੇ ਸਿੱਕੇ ਬਣਾਉਣ ਦਾ ਵੀ ਨਿਰਦੇਸ਼ ਦਿੱਤਾ ਹੈ।