ਕੋਰੋਨਾ ਆਫ਼ਤ: ਭਾਰਤੀ ਸੈਲਾਨੀਆਂ ਨੂੰ ਲੁਭਾਉਣ ਲਈ ਨੇਪਾਲ ਬਣਾ ਰਿਹੈ ਯੋਜਨਾ
Wednesday, Sep 02, 2020 - 02:31 PM (IST)
ਕਾਠਮੰਡੂ— ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਦਾ ਕਹਿਰ ਜਾਰੀ ਹੈ। ਇਸ ਦਰਮਿਆਨ ਨੇਪਾਲ, ਭਾਰਤੀ ਸੈਲਾਨੀਆਂ ਨੂੰ ਲੁਭਾਉਣ ਲਈ ਯੋਜਨਾ ਬਣਾ ਰਿਹਾ ਹੈ। ਗੰਡਾਂਕੀ ਸੂਬਾਈ ਸਰਕਾਰ ਕੋਵਿਡ-19 ਦੀ ਸਥਿਤੀ ਵਿਚ ਸੁਧਾਰ ਆਉਣ 'ਤੇ ਭਾਰਤੀ ਸੈਲਾਨੀਆਂ ਨੂੰ ਲੁਭਾਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਯੋਜਨਾ ਮੁਤਾਬਕ ਸਰਕਾਰ ਨੇ ਭਾਰਤੀ ਸੈਲਾਨੀਆਂ ਨੂੰ ਸੂਚੀ 'ਚ ਸਭ ਤੋਂ ਉੱਪਰ ਰੱਖਿਆ ਹੈ। ਦੱਸ ਦੇਈਏ ਕਿ ਬੀਤੇ ਸਾਲ 40 ਫੀਸਦੀ ਸੈਲਾਨੀਆਂ ਨੇ ਪੋਖਰਾ 'ਦਿ ਸਿਟੀ ਆਫ਼ ਲੇਕਸ' ਦਾ ਦੌਰਾ ਕੀਤਾ ਸੀ, ਜੋ ਕਿ ਭਾਰਤ ਤੋਂ ਸਨ। ਬੀਤੇ ਸਾਲ ਕੁੱਲ 12 ਲੱਖ ਸੈਲਾਨੀਆਂ ਨੇ ਪੋਖਰਾ ਦਾ ਦੌਰਾ ਕੀਤਾ।
ਸਾਲ 2018 ਵਿਚ ਗਿਣਤੀ 11.73 ਲੱਖ ਸੀ। ਦੋਹਾਂ ਸਾਲਾਂ ਵਿਚ ਗਿਣਤੀ ਦੇ ਮਾਮਲੇ 'ਚ ਭਾਰਤੀ ਸੂਚੀ ਵਿਚ ਸਭ ਤੋਂ ਉੱਪਰ ਸੀ। ਭਾਰਤੀ ਸੈਲਾਨੀ ਹੋਰ ਦੇਸ਼ਾਂ ਦੀ ਤੁਲਨਾ 'ਚ ਹਮੇਸ਼ਾ ਸੂਚੀ ਵਿਚ ਸਭ ਤੋਂ ਉੱਪਰ ਬਣੇ ਹੋਏ ਹਨ। ਭਾਰਤੀ ਸੈਲਾਨੀ ਆਪਣੀਆਂ ਛੁੱਟੀਆਂ ਬਿਤਾਉਣ ਲਈ ਨੇਪਾਲ ਜਾਂਦੇ ਹਨ ਅਤੇ ਉੱਥੇ ਪੈਰਾਗਲਾਈਡਿੰਗ, ਟ੍ਰੈਕਿੰਗ ਅਤੇ ਕਿਸ਼ਤੀ ਚੱਲਾ ਕੇ ਸਮੇਂ ਦਾ ਆਨੰਦ ਮਾਣਦੇ ਹਨ। ਸੂਬੇ ਦੇ ਸੈਰ-ਸਪਾਟਾ ਮੰਤਰੀ ਵਿਕਾਸ ਲਾਮਸ਼ਾਲ ਨੇ ਕਿਹਾ ਕਿ ਅਸੀਂ ਆਉਣ ਵਾਲੇ ਸਾਲਾਂ ਵਿਚ ਵਿਦੇਸ਼ੀ ਸੈਲਾਨੀਆਂ ਨਾਲ ਦੇ ਨਾਲ-ਨਾਲ ਹੋਰ ਵੱਧ ਭਾਰਤੀ ਸੈਲਾਨੀਆਂ ਨੂੰ ਲਿਆਉਣ ਲਈ ਕੰਮ ਕਰ ਰਹੇ ਹਾਂ।
ਮੰਤਰੀ ਲਾਮਸ਼ਾਲ ਨੇ ਕਿਹਾ ਕਿ ਅਸੀਂ ਸਾਲ 2019-2022 ਨੂੰ 2 ਮਿਲੀਅਨ ਸੈਲਾਨੀਆਂ ਦੀ ਮੇਜ਼ਬਾਨੀ ਦੇ ਟੀਚੇ ਨਾਲ ਸੈਰ-ਸਪਾਟਾ ਸਾਲ ਦੇ ਰੂਪ 'ਚ ਮਨਾ ਰਹੇ ਹਾਂ। ਜਿਵੇਂ ਕਿ ਹਾਲਾਤ ਅਨੁਕੂਲ ਨਹੀਂ ਹਨ। ਇਸ ਸਾਲ ਅਸੀਂ ਨੁਕਸਾਨ ਦੀ ਭਰਪਾਈ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੇ ਹਾਂ। ਅਗਲੇ ਸਾਲ ਕੋਸ਼ਿਸ਼ਾਂ ਮੁੜ ਤੋਂ ਸ਼ੁਰੂ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੋਖਰਾ ਨੂੰ ਰੋਜ਼ਾਨਾ ਆਧਾਰ 'ਤੇ 13 ਕਰੋੜ ਨੇਪਾਲੀ ਰੁਪਣੇ ਦਾ ਨੁਕਸਾਨ ਹੋਇਆ ਹੈ।