ਨੇਪਾਲ ''ਚ 11 ਸੱਭਿਆਚਾਰਕ ਸਥਲ ਸੁਧਾਰਨ ''ਚ ਮਦਦ ਕਰੇਗਾ ਭਾਰਤ

12/13/2019 5:52:56 PM

ਕਾਠਮੰਡੂ (ਬਿਊਰੋ): ਨੇਪਾਲ ਵਿਚ ਸਾਲ 2015 ਵਿਚ ਆਏ ਵਿਨਾਸ਼ਕਾਰੀ ਭੂਚਾਲ ਵਿਚ ਤਬਾਹ ਹੋਏ 11 ਸੱਭਿਆਚਾਰਕ ਵਿਰਾਸਤੀ ਸਥਲਾਂ ਨੂੰ ਸੁਧਾਰਨ ਵਿਚ ਭਾਰਤ ਮਦਦ ਕਰੇਗਾ। ਇਸ ਸੰਬੰਧੀ ਨੇਪਾਲ ਵਿਚ ਭਾਰਤੀ ਦੂਤਾਵਾਸ ਤੇ ਕਲਾ ਅਤੇ ਸੱਭਿਆਚਾਰਕ ਵਿਰਾਸਤ ਦੇ ਭਾਰਤੀ ਰਾਸ਼ਟਰੀ ਟਰੱਸਟ (ਇੰਟਕ) ਨੇ ਇਕ ਸਮਝੌਤੇ 'ਤੇ ਦਸਤਖਤ ਕੀਤੇ । ਇਹ ਸਥਲ ਕਾਠਮੰਡੂ ਘਾਟੀ, ਲਲਿਤਪੁਰ, ਭਕਤਾਪੁਰ ਅਤੇ ਸੋਲੁਖੁੰਭੁ ਦੇ ਖੇਤਰਾਂ ਵਿਚ ਮੌਜੂਦ ਹਨ। ਭਾਰਤ ਸਰਕਾਰ ਵੱਲੋਂ ਮਿਸ਼ਨ ਦੂਤਾਵਾਸ ਦੇ ਡਿਪਟੀ ਮੁਖੀ ਅਜੈ ਕੁਮਾਰ ਅਤੇ ਇੰਟਕ ਮੈਂਬਰ ਸੀਟੀ ਮਿਸ਼ਰਾ ਨੇ ਇਸ ਸਮਝੌਤੇ 'ਤੇ ਦਸਤਖਤ ਕੀਤੇ। 

ਨੇਪਾਲ ਵਿਚ ਭਾਰਤ ਦੇ ਰਾਜਦੂਤ ਮੰਜੀਵ ਸਿੰਘ ਪੁਰੀ ਅਤੇ ਨੇਪਾਲ ਦੇ ਰਾਸ਼ਟਰੀ ਮੁੜ ਉਸਾਰੀ ਅਥਾਰਿਟੀ ਦੇ ਅਧਿਕਾਰੀ ਮੌਜੂਦ ਰਹੇ। ਇੰਟਕ ਇਹਨਾਂ ਸਥਲਾਂ ਨੂੰ ਸੁਧਾਰਨ ਦੇ ਲਈ ਡਿਜ਼ਾਈਨ ਬਣਾਏਗਾ ਅਤੇ ਪ੍ਰਾਜੈਕਟ ਲਈ ਸਲਾਹਕਾਰ ਦਾ ਕੰਮ ਕਰੇਗਾ। ਨੇਪਾਲ ਸਰਕਾਰ ਦੇ ਨਿਯਮਾਂ ਦੇ ਮੁਤਾਬਕ ਇੱਥੇ ਦੇ ਸੱਭਿਆਚਾਰ, ਟੂਰਿਜ਼ਮ ਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਨਿਰਮਾਣ ਕੰਮ ਹੋਣਗੇ। ਜ਼ਿਕਰਯੋਗ ਹੈ ਕਿ ਨੇਪਾਲ ਵਿਚ 2015 ਵਿਚ ਆਏ ਵਿਨਾਸ਼ਕਾਰੀ ਭੂਚਾਲ ਵਿਚ 9 ਹਜ਼ਾਰ ਲੋਕਾਂ ਦੀ ਮੌਤ ਹੋਈ ਸੀ ਅਤੇ 22 ਹਜ਼ਾਰ ਲੋਕ ਜ਼ਖਮੀ ਹੋਏ ਸਨ। 
 


Vandana

Content Editor

Related News