ਸ਼ੌਕ ਨਾਲ ਨਾ ਅਸਤੀਫ਼ਾ ਦਿੱਤਾ, ਨਾ ਚੋਣ ਲੜ ਰਿਹਾ ਹਾਂ : ਅਭੈ ਚੌਟਾਲਾ
Wednesday, Oct 20, 2021 - 05:04 PM (IST)
ਸਿਰਸਾ- ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੇ ਪ੍ਰਧਾਨ ਜਨਰਲ ਸਕੱਤਰ ਅਤੇ ਐਲਨਾਬਾਦ ਵਿਧਾਨ ਸਭਾ ਜ਼ਿਮਨੀ ਚੋਣ ਉਮੀਦਵਾਰ ਅਭੈ ਸਿੰਘ ਚੌਟਾਲਾ ਨੇ ਬੁੱਧਵਾਰ ਨੂੰ ਸਪੱਸ਼ਟ ਕਰਨਾ ਚਾਹਿਆ ਕਿ ਉਨ੍ਹਾਂ ਨੇ ਨਾ ਤਾਂ ਕਿਸੇ ਸ਼ੌਕ ਨਾਲ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ ਨਾ ਉਹ ਚੋਣ ਲੜ ਰਹੇ ਹਨ। ਇੱਥੇ ਹਲਕੇ ਦੇ ਪਿੰਡਾਂ ’ਚ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਕਿਹਾ ਕਿ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਅਤੇ ਐਲਨਾਬਾਦ ਦੀ ਜਨਤਾ ਦੇ ਕਹਿਣ ’ਤੇ ਹੀ ਉਨ੍ਹਾਂ ਨੇ ਅਸਤੀਫ਼ਾ ਦਿੱਤਾ ਸੀ ਅਤੇ ਐਲਨਾਬਾਦ ਵਾਸੀਆਂ ਅਤੇ ਕਿਸਾਨਾਂ ਦੇ ਕਹਿਣ ’ਤੇ ਹੀ ਉਹ ਇਹ ਚੋਣ ਲੜ ਰਹੇ ਹਨ।
ਭਾਰਤੀ ਜਨਤਾ ਪਾਰਟੀ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੋ ਲੋਕ ਕਦੇ ‘ਗੀਤਿਕਾ ਅਸੀਂ ਸ਼ਰਮਿੰਦਾ ਹਾਂ, ਤੇਰੇ ਕਾਤਲ ਜਿਊਂਦੇ ਹਨ’ ਦੇ ਨਾਅਰੇ ਲਗਾਉਂਦੇ ਸਨ, ਅੱਜ ਉਨ੍ਹਾਂ ਦੇ ਪੱਖ ’ਚ ਵੋਟਿੰਗ ਕਰਨ ਦੀ ਅਪੀਲ ਕਰ ਰਹੇ ਹਨ। ਭਾਜਪਾ ਨੇ ਏਅਰ ਹੋਸਟੈੱਸ ਗੀਤਿਕਾ ਸ਼ਰਮਾ ਦੇ ਖ਼ੁਦਕੁਸ਼ੀ ਮਾਮਲੇ ’ਚ ਦੋਸ਼ੀ ਗੋਪਾਲ ਕਾਂਡਾ ਦੇ ਭਰਾ ਗੋਬਿੰਦ ਕਾਂਡਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਭਾਜਪਾ ਅਤੇ ਕਾਂਗਰਸ, ਦੋਹਾਂ ਕੋਲ ਆਪਣੇ ਉਮੀਦਵਾਰ ਨਹੀਂ ਸਨ, ਇਸ ਲਈ ਉਨ੍ਹਾਂ ‘ਨਕਲੀ ਸਮਾਜਸੇਵੀਆਂ’ ਨੂੰ ਟਿਕਟ ਵੇਚ ਦਿੱਤੇ ਹਨ। ਕਾਂਗਰਸ ਨੇ ਭਾਜਪਾ ਦੇ ਟਿਕਟ ’ਤੇ ਪਿਛਲੀਆਂ 2 ਚੋਣਾਂ ਲੜ ਚੁਕੇ ਹਨ ਅਤੇ ਅਸਫ਼ਲ ਰਹੇ ਪਵਨ ਬੇਨੀਵਾਲ ਨੂੰ ਟਿਕਟ ਦਿੱਤਾ ਹੈ। ਬੇਨੀਵਾਲ ਨੇ ਵੀ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਐਲਾਨ ਕਰਦੇ ਹੋਏ ਕੁਝ ਸਮੇਂ ਪਹਿਲਾਂ ਭਾਜਪਾ ਛੱਡ ਦਿੱਤੀ ਸੀ ਅਤੇ ਹਾਲ ’ਚ ਉਹ ਕਾਂਗਰਸ ’ਚ ਸ਼ਾਮਲ ਹੋ ਗਏ।