NEET-UG ਪੇਪਰ ਲੀਕ : CBI ਨੇ ਮੁੱਖ ਦੋਸ਼ੀ ਸਮੇਤ 2 ਹੋਰ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

Tuesday, Jul 16, 2024 - 05:31 PM (IST)

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ-ਗ੍ਰੈਜੂਏਟ (NEET-UG) ਪੇਪਰ ਲੀਕ ਮਾਮਲੇ 'ਚ ਇਕ ਮੁੱਖ ਦੋਸ਼ੀ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਝਾਰਖੰਡ ਦੇ ਹਜ਼ਾਰੀਬਾਗ 'ਚ ਨੈਸ਼ਨਲ ਟੈਸਟਿੰਗ ਏਜੰਸੀ ਦੇ ਟਰੰਕ ਤੋਂ ਪ੍ਰਸ਼ਨ ਪੱਤਰ ਚੋਰੀ ਕੀਤਾ ਸੀ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ 2 ਗ੍ਰਿਫ਼ਤਾਰੀਆਂ ਨਾਲ ਮੈਡੀਕਲ ਦਾਖ਼ਲਾ ਪ੍ਰੀਖਿਆ 'ਚ ਲੀਕ, ਨਕਲ ਅਤੇ ਹੋਰ ਬੇਨਿਯਮੀਆਂ ਨਾਲ ਸਬੰਧਤ ਮਾਮਲਿਆਂ 'ਚ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਕੁੱਲ ਗਿਣਤੀ ਹੁਣ 14 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਜਮਸ਼ੇਦਪੁਰ ਦੇ 2017 ਬੈਚ ਦੇ ਸਿਵਲ ਇੰਜੀਨੀਅਰ ਪੰਕਜ ਕੁਮਾਰ ਉਰਫ਼ ਆਦਿਤਿਆ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਕਥਿਤ ਤੌਰ 'ਤੇ ਹਜ਼ਾਰੀਬਾਗ ਸਥਿਤ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦੇ ਟਰੰਕ ਤੋਂ NEET-UG ਪ੍ਰਸ਼ਨ ਪੱਤਰ ਚੋਰੀ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਬੋਕਾਰੋ ਦੇ ਰਹਿਣ ਵਾਲੇ ਕੁਮਾਰ ਨੂੰ ਪਟਨਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀ.ਬੀ.ਆਈ. ਨੇ ਰਾਜੂ ਸਿੰਘ ਨਾਮ ਦੇ ਇਕ ਹੋਰ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਕਥਿਤ ਤੌਰ 'ਤੇ ਕੁਮਾਰ ਨੂੰ ਪ੍ਰਸ਼ਨ ਪੱਤਰ ਚੋਰੀ ਕਰਨ ਅਤੇ ਗਿਰੋਹ ਦੇ ਹੋਰ ਮੈਂਬਰਾਂ ਨੂੰ ਦੇਣ 'ਚ ਮਦਦ ਕੀਤੀ ਸੀ। ਸਿੰਘ ਨੂੰ ਹਜ਼ਾਰੀਬਾਗ ਤੋਂ ਗ੍ਰਿਫ਼ਤਾਰ ਕੀਤਾ ਗਿਆ। ਮੈਡੀਕਲ ਦਾਖ਼ਲਾ ਪ੍ਰੀਖਿਆ 'ਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਏਜੰਸੀ ਨੇ 6 ਐੱਫ.ਆਈ.ਆਰ. ਦਰਜ ਕੀਤੀਆਂ ਹਨ। ਬਿਹਾਰ 'ਚ ਦਰਜ ਐੱਫ.ਆਈ.ਆਰ. ਪ੍ਰਸ਼ਨ ਪੱਤਰ ਲੀਕ ਹੋਣ ਨਾਲ ਸਬੰਧਤ ਹੈ, ਜਦੋਂ ਕਿ ਗੁਜਰਾਤ, ਰਾਜਸਥਾਨ ਅਤੇ ਮਹਾਰਾਸ਼ਟਰ 'ਚ ਦਰਜ ਬਾਕੀ ਐੱਫ.ਆਈ.ਆਰ. ਉਮੀਦਵਾਰਾਂ ਦੀ ਥਾਂ 'ਤੇ ਧੋਖਾਧੜੀ ਅਤੇ ਪ੍ਰੀਖਿਆ ਦੇਣ ਨਾਲ ਸਬੰਧਤ ਹਨ। ਏਜੰਸੀ ਦੀ ਆਪਣੀ ਐੱਫ.ਆਈ.ਆਰ., ਕੇਂਦਰੀ ਸਿੱਖਿਆ ਮੰਤਰਾਲਾ ਦੇ ਹਵਾਲੇ ਤੋਂ, ਪ੍ਰੀਖਿਆ 'ਚ ਕਥਿਤ ਬੇਨਿਯਮੀਆਂ ਦੀ 'ਵਿਆਪਕ ਜਾਂਚ' ਨਾਲ ਸਬੰਧਤ ਹੈ। NEET-UG ਸਰਕਾਰੀ ਅਤੇ ਨਿੱਜੀ ਸੰਸਥਾਵਾਂ 'ਚ MBBS, BDS, ਆਯੁਸ਼ ਅਤੇ ਹੋਰ ਸਬੰਧਤ ਕੋਰਸਾਂ 'ਚ ਦਾਖਲੇ ਲਈ NTA ਦੁਆਰਾ ਆਯੋਜਿਤ ਕੀਤਾ ਜਾਂਦਾ ਹੈ। ਇਸ ਸਾਲ ਇਹ ਪ੍ਰੀਖਿਆ 5 ਮਈ ਨੂੰ 571 ਸ਼ਹਿਰਾਂ ਦੇ 4,750 ਕੇਂਦਰਾਂ 'ਤੇ ਆਯੋਜਿਤ ਕੀਤੀ ਗਈ ਸੀ, ਜਿਨ੍ਹਾਂ 'ਚ 14 ਵਿਦੇਸ਼ੀ ਸ਼ਹਿਰ ਵੀ ਸ਼ਾਮਲ ਸਨ। ਇਸ ਪ੍ਰੀਖਿਆ 'ਚ 23 ਲੱਖ ਤੋਂ ਵੱਧ ਉਮੀਦਵਾਰ ਸ਼ਾਮਲ ਹੋਏ ਸਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DIsha

Content Editor

Related News