NEET 2023 ਦੇ ਨਤੀਜੇ ਦਾ ਹੋਇਆ ਐਲਾਨ, 99.99 ਪਰਸੈਂਟਾਈਲ ਨਾਲ ਮੋਹਰੀ ਰਹੇ 2 ਵਿਦਿਆਰਥੀ
Tuesday, Jun 13, 2023 - 11:57 PM (IST)
ਨਵੀਂ ਦਿੱਲੀ (ਭਾਸ਼ਾ): ਕੌਮੀ ਪ੍ਰੀਖਿਆ ਏਜੰਸੀ ਨੇ ਮੰਗਲਵਾਰ ਨੂੰ ਇਸ ਸਾਲ ਦੀ ਨੀਟ-ਯੂਜੀ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰ ਦਿੱਤਾ। ਇਸ ਵਿਚ ਤਮਿਲਨਾਡੂ ਦੇ ਪ੍ਰਬੰਜਨ ਜੇ ਤੇ ਆਂਧਰ ਪ੍ਰਦੇਸ਼ ਦੇ ਬੋਰਾ ਵਰੁਣ ਚੱਕਰਵਰਤੀ 99.99 ਪਰਸੈਂਟਾਈਲ ਨਾਲ ਮੋਹਰੀ ਰਹੇ।
13 ਭਾਸ਼ਾਵਾਂ ਵਿਚ ਹੋਈ ਸੀ ਪ੍ਰੀਖਿਆ
ਐੱਨ.ਟੀ.ਏ. ਨੇ 7 ਮਈ ਨੂੰ ਭਾਰਤ ਦੇ 499 ਸ਼ਹਿਰਾ ਤੇ ਦੂਜੇ ਦੇਸ਼ਾਂ ਦੇ 14 ਸ਼ਹਿਰਾਂ ਵਿਚ ਸਥਿਤ 4097 ਕੇਂਦਰਾਂ 'ਤੇ ਇਹ ਪ੍ਰੀਖਿਆ ਕਰਵਾਈ ਸੀ। ਇਹ ਪ੍ਰੀਖਿਆ 13 ਭਾਸ਼ਾਵਾਂ ਵਿਚ ਕਰਵਾਈ ਗਈ ਸੀ। ਪ੍ਰੀਖਿਆਰਥੀਆਂ ਵੱਲੋਂ ਪੰਜਾਬੀ, ਹਿੰਦੀ, ਅਸਮੀਆ, ਬਾਂਗਲਾ, ਅੰਗਰੇਜ਼ੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਓੜੀਆ, ਤਮਿਲ, ਤੇਲੁਗੂ ਤੇ ਉਰਦੂ ਵਿਚ ਇਹ ਪ੍ਰੀਖਿਆ ਦਿੱਤੀ ਗਈ। ਐੱਨ.ਟੀ.ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪ੍ਰੀਖਿਆ ਵਿਚ ਗ਼ਲਤ ਸਾਧਨਾਂ ਦੀ ਵਰਤੋਂ ਕਰਨ ਵਾਲੇ 7 ਉਮੀਦਵਾਰਾਂ ਦੀ ਪਛਾਣ ਕੀਤੀ ਗਈ ਤੇ ਉਨ੍ਹਾਂ ਨਾਲ ਨਿਯਮਾਂ ਮੁਤਾਬਕ ਨਜੀਠਿਆ ਗਿਆ।
ਇਹ ਖ਼ਬਰ ਵੀ ਪੜ੍ਹੋ - 6 ਜੁਲਾਈ ਨੂੰ ਹੋਵੇਗੀ WFI ਦੀ ਚੋਣ, ਉਸੇ ਦਿਨ ਐਲਾਨੇ ਜਾਣਗੇ ਨਤੀਜੇ
ਪਾਸ ਹੋਣ ਵਾਲਿਆਂ 'ਚ ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਧ ਵਿਦਿਆਰਥੀ
ਇਸ ਸਾਲ 20.38 ਲੱਖ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ ਜਿਸ 'ਚੋਂ 11.45 ਲੱਖ ਵਿਦਿਆਰਥੀਆਂ ਨੂੰ ਸਫ਼ਲਤਾ ਮਿਲੀ ਹੈ। ਉੱਤਰ ਪ੍ਰਦੇਸ਼ ਵਿਚ ਸਭ ਤੋਂ ਵੱਧ 1.39 ਲੱਖ, ਮਹਾਰਾਸ਼ਟਰ ਵਿਚ 1.31 ਲੱਖ ਤੇ ਰਾਜਸਥਾਨ ਵਿਚ 1 ਲੱਖ ਤੋਂ ਵੱਧ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ। ਉੱਤਰ ਪ੍ਰਦੇਸ਼ ਦੇ ਮਹਾਰਾਸ਼ਟਰ ਦੇਸ਼ ਦੇ 2 ਸਭ ਤੋਂ ਵੱਧ ਅਬਾਦੀ ਵਾਲੇ ਸੂਬੇ ਹਨ, ਜਦਕਿ ਰਾਜਸਥਾਨ ਵੀ ਜਨਸੰਖਿਆ ਦੇ ਮਾਮਲੇ ਵਿਚ ਸਿਖਰਲੇ 10 ਸੂਬਿਆਂ ਵਿਚ ਆਉਂਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।