ਫੌਜ ਦਿਵਸ ’ਤੇ ਫੌਜੀਆਂ ਲਈ ਨਵੀਂ ਯੂਨੀਫਾਰਮ ਰਿਲੀਜ਼, ਜਾਣੋ ਇਸ ਦੀਆਂ ਖੂਬੀਆਂ

Sunday, Jan 16, 2022 - 05:39 PM (IST)

ਫੌਜ ਦਿਵਸ ’ਤੇ ਫੌਜੀਆਂ ਲਈ ਨਵੀਂ ਯੂਨੀਫਾਰਮ ਰਿਲੀਜ਼, ਜਾਣੋ ਇਸ ਦੀਆਂ ਖੂਬੀਆਂ

ਨਵੀਂ ਦਿੱਲੀ– ਭਾਰਤੀ ਫੌਜ ਦੀ ਨਵੀਂ ਕੰਬੈਟ ਯੂਨੀਫਾਰਮ ਦੀ ਚਰਚਾ ਦਰਮਿਆਨ ਫੌਜ ਦਿਵਸ ਦੇ ਮੌਕੇ ’ਤੇ ਸ਼ਨੀਵਾਰ ਨਵੀਂ ਯੂਨੀਫਾਰਮ ਰਿਲੀਜ਼ ਕਰ ਦਿੱਤੀ ਗਈ। ਇਸ ਯੂਨੀਫਾਰਮ ਨੂੰ ਰਾਸ਼ਟਰੀ ਫੈਸ਼ਨ ਟੈਕਨਾਲੋਜੀ ਅਦਾਰੇ ਦੇ ਪ੍ਰੋਫੈਸਰਾਂ ਸਮੇਤ 8 ਵਿਅਕਤੀਆਂ ਦੀ ਟੀਮ ਨੇ ਤਿਆਰ ਕੀਤਾ ਹੈ। ਇਸ ਨਵੀਂ ਵਰਦੀ ’ਚ ਹਲਕੇ ਕੱਪੜੇ ਦੀ ਵਰਤੋਂ ਕੀਤੀ ਗਈ ਹੈ। ਨਾਲ ਹੀ ਕੁਝ ਤਬਦੀਲੀਆਂ ਵੀ ਕੀਤੀਆਂ ਗਈਆਂ ਹਨ। ਇਸ ਨੂੰ ਫੌਜੀਆਂ ਲਈ ਆਰਾਮਦੇਹ ਬਣਾਉਣ ਦਾ ਪੂਰਾ ਯਤਨ ਕੀਤਾ ਗਿਆ ਹੈ। ਯੋਜਨਾ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਭਾਰਤੀ ਫੌਜ ਨੇ ਨਵੀਂ ਯੂਨੀਫਾਰਮ ਲਈ ਲਗਭਗ ਡੇਢ ਸਾਲ ਪਹਿਲਾਂ ਸੰਪਰਕ ਕੀਤਾ ਸੀ।

ਫੌਜ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਵਰਦੀ ਫੌਜੀਆਂ ਦੇ ਆਰਾਮ ਨੂੰ ਧਿਆਨ ’ਚ ਰੱਖਦਿਆਂ ਤਿਆਰ ਕੀਤੀ ਗਈ ਹੈ। ਇਹ ਹਰ ਮੌਸਮ ਅਤੇ ਹਰ ਖੇਤਰ ਲਈ ਵੀ ਢੁਕਵੀਂ ਹੋਵੇਗੀ। ਫੌਜ ਦੀ ਇਸ ਵਰਦੀ ਨੂੰ ਹਲਕੇ ਕੱਪੜੇ, ਨਵੇਂ ਡਿਜ਼ਾਈਨ, ਡਿਜ਼ੀਟਲ ਪੈਟਰਨ ਨਾਲ ਤਿਆਰ ਕੀਤਾ ਗਿਆ ਹੈ। ਪਹਿਲਾਂ ਜੰਗਲਾਂ ਅਤੇ ਰੇਤੀਲੇ ਇਲਕਿਆਂ ’ਚ ਲੜਾਈ ਲਈ ਫੌਜੀਆਂ ਦੀ ਵਰਦੀ ਵੱਖਰੀ ਹੁੰਦੀ ਸੀ ਪਰ ਹੁਣ ਇਹ ਹਰ ਥਾਂ ਲਈ ਢੁਕਵੀਂ ਹੈ।

PunjabKesari

ਭਾਰਤੀ ਫੌਜ ਦੀ ਨਵੀਂ ਕੰਬੈਟ ਯੂਨੀਫਾਰਮ ਦੀਆਂ ਖੂਬੀਆਂ

1. ਇਹ ਵਰਦੀ ਜੈਤੂਨ ਅਤੇ ਮਿੱਟੀ ਦੇ ਰੰਗ ਸਮੇਤ ਮਿਸ਼ਰਤ ਰੰਗਾਂ ਵਾਲੀ ਹੈ। ਇਸ ਨੂੰ ਫੌਜੀਆਂ ਦੀ ਤਾਇਨਾਤੀ ਵਾਲੀ ਥਾਂ ਅਤੇ ਉਥੋਂ ਦੀ ਜਲਵਾਯੂ ਨੂੰ ਧਿਆਨ ’ਚ ਰੱਖਦੇ ਹੋਏ ਡਿਜ਼ਾਇਨ ਕੀਤਾ ਗਿਆ ਹੈ।
2. ਕਈ ਦੇਸ਼ਾਂ ਦੀਆਂ ਫੌਜਾਂ ਦੀ ਯੂਨੀਫਾਰਮਸ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਰਾਸ਼ਟਰੀ ਫੈਸ਼ਨ ਟੈਕਨਾਲੋਜੀ ਅਦਾਰੇ (NIFT) ਦੀ ਮਦਦ ਨਾਲ ਇਸ ਨਵੀਂ ਵਰਦੀ ਨੂੰ ਤਿਆਰ ਕੀਤਾ ਗਿਆ ਹੈ।
3. ਯੂਨੀਫਾਰਮ ਪਹਿਲਾਂ ਨਾਲੋਂ ਜ਼ਿਆਦਾ ਆਰਾਮਦਾਇਕ ਹੈ ਅਤੇ ਇਸ ਦੀ ਵਰਤੋਂ ਹਰ ਤਰ੍ਹਾਂ ਦੇ ਭੂ-ਭਾਗ 'ਤੇ ਕੀਤੀ ਜਾਵੇਗੀ। ਇਹ ਇਕ ‘ਡਿਜੀਟਲ ਡਿਸਰਪਟਿਵ’ ਵਾਲੀ ਯੂਨੀਫਾਰਮ ਹੈ ਜਿਸ ਨੂੰ ਕੰਪਿਊਟਰ ਦੀ ਮਦਦ ਨਾਲ ਡਿਜ਼ਾਇਨ ਕੀਤਾ ਜਾਂਦਾ ਹੈ।
4. ਇਸ ਯੂਨੀਫਾਰਮ ’ਚ ਸ਼ਰਟ ਦੇ ਹੇਠਲੇ ਹਿੱਸੇ ਨੂੰ ਪਜਾਮੇ ਦੇ ਅੰਦਰ ਨਹੀਂ ਦਬਾਉਣਾ ਪਵੇਗਾ, ਜਦਕਿ ਪੁਰਾਣੀ ਯੂਨੀਫਾਰਮ ’ਚ ਅਜਿਹਾ ਕਰਨਾ ਹੁੰਦਾ ਸੀ। ਨਵੀਂ ਯੂਨੀਫਾਰਮ ਖੁੱਲ੍ਹੇ ਬਾਜ਼ਾਰ ’ਚ ਉਪਲੱਬਦ ਨਹੀਂ ਹੋਵੇਗੀ।
5. ਫੌਜ ’ਚ ਮਹਿਲਾ ਜਵਾਨਾਂ ਲਈ ਵੀ ਇਹ ਕਾਫੀ ਆਰਾਮਦਾਇਕ ਹੈ। ਪਹਿਲਾਂ ਵਾਲੀ ਯੂਨੀਫਾਰਮ ਦੀ ਤਰ੍ਹਾਂ ਇਹ ਭਾਰੀ ਨਹੀਂ ਸਗੋਂ ਹਲਕੀ ਹੈ। ਨਵੀਂ ਕੰਬੈਟ ਯੂਨੀਫਾਰਮ ਪੁਰਾਣੀ ਵਰਦੀ ਦੀ ਥਾਂ ਲਵੇਗੀ। ਇਸ ਯੂਨੀਫਾਰਮ ਦਾ ਰੰਗ ਔਲਿਵ ਗਰੀਨ ਹੈ ਅਤੇ ਦੂਜੇ ਕਈ ਸ਼ੇਡਸ ਨੂੰ ਮਿਲਾ ਕੇ ਇਸ ਨੂੰ ਕੈਮੋਫਲੇਜ ਪੈਟਰਨ ’ਤੇ ਤਿਆਰ ਕੀਤਾ ਗਿਆ ਹੈ। 

ਦੱਸ ਦੇਈਏ ਕਿ ਇਸ ਵਰਦੀ ਨੂੰ ਭਾਰਤੀ ਫੌਜ ’ਚ ਪੂਰੀ ਤਰ੍ਹਾਂ ਇਸੇ ਸਾਲ ਅਗਸਤ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਹਮੇਸ਼ਾ ਫੌਜ ਕਿਸੇ ਆਪਰੇਸ਼ਨ ਜਾਂ ਆਪਰੇਸ਼ਨ ਏਰੀਆ ’ਚ ਕੰਬੈਟ ਯੂਨੀਫਾਰਮ ਦਾ ਇਸਤੇਮਾਲ ਕਰਦੀ ਹੈ।


author

Rakesh

Content Editor

Related News