ਰਾਜਗ ਨੇ ਬਿਹਾਰ ਦੇ ਖਾਨਦਾਨੀ ਰਾਜ ਨੂੰ ਹਾਸ਼ੀਏ ’ਤੇ ਪਹੁੰਚਾਇਆ : ਮੋਦੀ

Sunday, Mar 03, 2024 - 12:43 PM (IST)

ਰਾਜਗ ਨੇ ਬਿਹਾਰ ਦੇ ਖਾਨਦਾਨੀ ਰਾਜ ਨੂੰ ਹਾਸ਼ੀਏ ’ਤੇ ਪਹੁੰਚਾਇਆ : ਮੋਦੀ

ਔਰੰਗਾਬਾਦ (ਬਿਹਾਰ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ’ਚ ਕਾਂਗਰਸ-ਰਾਸ਼ਟਰੀ ਜਨਤਾ ਦਲ (ਰਾਜਦ) ਗੱਠਜੋੜ ’ਤੇ ਅਸਿੱਧੇ ਤੌਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਦਾਅਵਾ ਕੀਤਾ ਹੈ ਕਿ ਰਾਸ਼ਟਰੀ ਜਮਹੂਰੀ ਗੱਠਜੋੜ (ਰਾਜਗ) ਨੇ ਰਾਜਦ ਗੱਠਜੋੜ ਦੇ ਖਾਨਦਾਨੀ ਰਾਜ ਨੂੰ ਹਾਸ਼ੀਏ ’ਤੇ ਧੱਕ ਦਿੱਤਾ ਹੈ।
ਸ਼ਨੀਵਾਰ ਔਰੰਗਾਬਾਦ ਜ਼ਿਲੇ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਯਕੀਨੀ ਕਰਨਾ ਮੇਰੀ ਗਾਰੰਟੀ ਹੈ ਕਿ ਬਿਹਾਰ ’ਚ ਵਿਕਾਸ ਹੋਵੇ, ਕਾਨੂੰਨ ਦਾ ਰਾਜ ਹੋਵੇ ਅਤੇ ਇਥੇ ਔਰਤਾਂ ਡਰ ਤੋਂ ਮੁਕਤ ਰਹਿਣ। ਉਹ ਆਪਣੇ ਤੀਜੇ ਕਾਰਜਕਾਲ ’ਚ ਇਸ ਸਬੰਧੀ ਕੰਮ ਕਰਨਗੇ।
ਭਾਜਪਾ ਦੀ ਅਗਵਾਈ ਵਾਲੇ ਐੱਨ. ਡੀ. ਏ. ’ਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸ਼ਲਾਘਾ ਕਰਦੇ ਹੋਏ ਮੋਦੀ ਨੇ ਕਿਹਾ ਕਿ ਬਿਹਾਰ ’ਚ ਹੁਣ ਮੁੜ ਦੋਹਰੇ ਇੰਜਣ ਵਾਲੀ ਸਰਕਾਰ ਹੈ। ਐੱਨ. ਡੀ. ਏ. ਨੇ ਬਿਹਾਰ ’ਚ ਸਿਆਸੀ ਖਾਨਦਾਨ ਨੂੰ ਹਾਸ਼ੀਏ ’ਤੇ ਪਹੁੰਚਾ ਦਿੱਤਾ ਹੈ।
ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਤੇ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਦੇ ਕਾਰਜਕਾਲ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਉਦੋਂ ਬਿਹਾਰ ਦੀ ਪਿਛਲੀ ਪੀੜ੍ਹੀ ਡਰ ’ਚ ਰਹਿਣ ਲਈ ਮਜਬੂਰ ਸੀ। ਇਸੇ ਲਈ ਬਹੁਤ ਸਾਰੇ ਨੌਜਵਾਨਾਂ ਨੇ ਹਿਜਰਤ ਕੀਤੀ। ਸਾਨੂੰ ਉਸ ਦੌਰ ਨੂੰ ਮੁੜ ਨਹੀਂ ਆਉਣ ਦੇਣਾ ਚਾਹੀਦਾ।
21,400 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ
ਪ੍ਰਧਾਨ ਮੰਤਰੀ ਨੇ ਬਿਹਾਰ ਦੇ ਔਰੰਗਾਬਾਦ ਜ਼ਿਲੇ ’ਚ 21,400 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ 18 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਰਾਸ਼ਟਰੀ ਰਾਜਮਾਰਗ ਪ੍ਰਾਜੈਕਟਾਂ ਦਾ ਵੀ ਉਦਘਾਟਨ ਕੀਤਾ। ਮੋਦੀ ਨੇ ਗੰਗਾ ਨਦੀ ’ਤੇ 6 ਮਾਰਗੀ ਪੁਲ ਦਾ ਨੀਂਹ ਪੱਥਰ ਵੀ ਰੱਖਿਆ। ਪਾਟਲੀਪੁੱਤਰ-ਪਹਿਲੇਜਾ ਲਾਈਨ ਨੂੰ ਡਬਲ ਕਰਨ ਅਤੇ ਬੰਧੂਆ ਤੇ ਪਾਈਮਾਰ ਵਿਚਾਲੇ 26 ਕਿਲੋਮੀਟਰ ਲੰਬੀ ਨਵੀਂ ਲਾਈਨ ਸਮੇਤ 3 ਰੇਲਵੇ ਪ੍ਰਾਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਉਨ੍ਹਾਂ ਨਮਾਮੀ ਗੰਗੇ ਯੋਜਨਾ ਅਧੀਨ 2,190 ਕਰੋੜ ਰੁਪਏ ਤੋਂ ਵੱਧ ਦੇ 12 ਪ੍ਰਾਜੈਕਟਾਂ ਦਾ ਉਦਘਾਟਨ ਕੀਤਾ।
ਨਿਤੀਸ਼ ਨੇ ਕਿਹਾ : ਹੁਣ ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗਾ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੋਦੀ ਨੂੰ ਭਰੋਸਾ ਦਿੱਤਾ ਕਿ ਉਹ ਹੁਣ ਹਮੇਸ਼ਾ ਰਾਸ਼ਟਰੀ ਜਮਹੂਰੀ ਗੱਠਜੋੜ ਨਾਲ ਹੀ ਰਹਿਣਗੇ। ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਲੋਕ ਸਭਾ ਦੀਆਂ ਆਉਣ ਵਾਲੀਆਂ ਚੋਣਾਂ ’ਚ ਰਾਜਗ ਗੱਠਜੋੜ 400 ਤੋਂ ਵੱਧ ਸੀਟਾਂ ਜਿੱਤੇਗਾ।
ਪਿਛਲੇ ਮਹੀਨੇ ਨਿਤੀਸ਼ ਨੇ ਰਾਸ਼ਟਰੀ ਜਨਤਾ ਦਲ ਦੀ ਅਗਵਾਈ ਵਾਲੇ ਮਹਾਗੱਠਜੋੜ ਨੂੰ ਛੱਡ ਦਿੱਤਾ ਸੀ ਅਤੇ ਆਪਣੇ ਪੁਰਾਣੇ ਸਹਿਯੋਗੀ ਭਾਜਪਾ ਦੀ ਅਗਵਾਈ ਵਾਲੇ ਰਾਜਗ ਗੱਠਜੋੜ ’ਚ ਵਾਪਸ ਆ ਗਏ ਸਨ। ਨਿਤੀਸ਼ ਨੇ ਕਿਹਾ ਕਿ ਅਸੀਂ ਬਿਹਾਰ ’ਚ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਦੇ ਹਾਂ।


author

Aarti dhillon

Content Editor

Related News